ਬੇਅਦਬੀ ਕਾਂਡ ਦਾ ਮੁੱਖ ਸਾਜ਼ਸ਼ ਘਾੜਾ ਨਿਕਲਿਆ ਡੇਰਾ ਪ੍ਰੇਮੀ
Published : Jun 17, 2018, 12:07 am IST
Updated : Jun 17, 2018, 12:32 am IST
SHARE ARTICLE
DIG Ranbir Singh Khatta and others trying to find the divine form of Guru Granth Sahib
DIG Ranbir Singh Khatta and others trying to find the divine form of Guru Granth Sahib

ਕੈਪਟਨ ਸਰਕਾਰ ਅਤੇ ਡੀਜੀਪੀ ਪੰਜਾਬ ਵਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ .....

ਕੋਟਕਪੂਰਾ : ਕੈਪਟਨ ਸਰਕਾਰ ਅਤੇ ਡੀਜੀਪੀ ਪੰਜਾਬ ਵਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅੱਜ ਪ੍ਰਗਟਾਵਾ ਕਰ ਦਿਤਾ  ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਉਸ ਦੇ ਪੱਤਰੇ (ਅੰਗ) ਪਾੜ ਕੇ ਸੁਟਣ ਅਰਥਾਤ ਬੇਅਦਬੀ ਕਰਨ ਦਾ ਮੁੱਖ ਸਾਜ਼ਸ਼ ਘਾੜਾ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਹੀ ਹੈ, ਜੋ ਸੌਦਾ ਸਾਧ ਦੀ 45 ਮੈਂਬਰੀ ਕਮੇਟੀ ਦਾ ਪ੍ਰਧਾਨ ਹੋਣ ਕਰ ਕੇ ਸੌਦਾ ਸਾਧ ਦੇ ਨਜ਼ਦੀਕੀਆਂ ਵਜੋਂ ਜਾਣਿਆਂ ਜਾਂਦਾ ਸੀ।

ਪਿਛਲੇ ਕਈ ਦਿਨਾਂ ਤੋਂ ਐਸਆਈਟੀ ਦੇ ਇੰਚਾਰਜ ਡੀਆਈਜੀ ਰਣਬੀਰ ਸਿੰਘ ਖੱਟੜਾ ਵਲੋਂ ਉਕਤ ਪ੍ਰਗਟਾਵਾ ਕਰਨ ਤੋਂ ਸੰਕੋਚ ਕੀਤਾ ਜਾ ਰਿਹਾ ਸੀ ਪਰ ਅੱਜ ਅਹਿਮ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮਹਿੰਦਰਪਾਲ ਬਿੱਟੂ ਵਲੋਂ ਚੋਰੀਸ਼ੁਦਾ ਸਰੂਪ ਨੂੰ ਅਗਨੀ ਭੇਟ ਕਰਨ, ਦਰਿਆ 'ਚ ਸੁੱਟਣ ਆਦਿ ਦੀ ਬਹਾਨੇਬਾਜ਼ੀ ਨਾਲ ਡੰਗ ਟਪਾਈ ਕੀਤੀ ਜਾ ਰਹੀ ਸੀ

ਪਰ ਹੁਣ ਜਦ ਸਖ਼ਤੀ ਨਾਲ ਕੀਤੀ ਪੁਛਗਿਛ ਦੌਰਾਨ ਉਸ ਨੇ ਮੰਨਿਆ ਕਿ 1 ਜੂਨ 2015 ਨੂੰ ਪਾਵਨ ਸਰੂਪ ਦੀ ਚੋਰੀ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੁਰਦਵਾਰੇ ਦੀ ਕੰਧ 'ਤੇ ਭੜਕਾਊ ਸ਼ਬਦਾਵਲੀ ਵਾਲੇ ਪੋਸਟਰ ਲਾਉਣ ਅਤੇ 12 ਅਕਤੂਬਰ ਨੂੰ ਪਾਵਨ ਪੰਨ੍ਹੇ ਬਰਗਾੜੀ ਦੀਆਂ ਗਲੀਆਂ 'ਚ ਖਿਲਾਰਨ ਦਾ ਮੁੱਖ ਸਾਜ਼ਸ਼ਕਰਤਾ ਉਹ ਹੀ ਹੈ ਤੇ ਉਸ ਨੇ ਉਕਤ ਪਾਵਨ ਸਰੂਪ ਕੋਟਕਪੂਰੇ ਤੋਂ ਪਿੰਡ ਦੇਵੀਵਾਲਾ ਨੂੰ ਜਾਣ ਵਾਲੀ ਡਰੇਨ 'ਚ ਸੁੱਟ ਦਿਤਾ ਹੈ

ਤਾਂ ਲਗਾਤਾਰ 10 ਘੰਟੇ ਚਲੇ ਸਰਚ ਅਪ੍ਰੇਸ਼ਨ ਦੌਰਾਨ ਉਕਤ ਡਰੇਨ ਵਿਚੋਂ ਕੱਚ, ਇੱਟਾਂ, ਰੋੜੇ, ਪੋਲੀਥੀਨ ਦੇ ਲਿਫ਼ਾਫ਼ੇ ਅਤੇ ਪਲਾਸਟਿਕ ਸਮੇਤ ਨਾ ਗਲਣਯੋਗ ਵਸਤੂਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਮਿਲਿਆ। ਖੱਟੜਾ ਨੇ ਦਸਿਆ ਕਿ ਉਕਤ ਗੰਧਲੇ ਤੇਜ਼ਾਬੀ ਪਾਣੀ 'ਚ ਕਿੰਨਾ ਚਿਰ ਕਾਗ਼ਜ਼ ਜਾਂ ਅਜਿਹੇ ਪੰਨ੍ਹੇ ਸੁਰੱਖਿਅਤ ਰਹਿ ਸਕਦੇ ਹਨ, ਬਾਰੇ ਸੈਂਪਲ ਲੈਬਾਰਟਰੀ ਨੂੰ ਭੇਜੇ ਜਾ ਰਹੇ ਹਨ ਤੇ ਰੀਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਬੀਤੀ ਦੇਰ ਰਾਤ ਕਰੀਬ 11 ਵਜੇ ਚਲੇ ਸਰਚ ਅਪ੍ਰੇਸ਼ਨ ਦਾ ਅੰਤ ਸਵੇਰੇ ਕਰੀਬ 9 ਵਜੇ ਹੋਇਆ, ਲਗਾਤਾਰ 10 ਘੰਟੇ ਚਲੀ ਕਾਰਵਾਈ ਦੌਰਾਨ ਪੁਲਿਸ ਨੂੰ ਸ਼ਰਾਬ ਦੀਆਂ ਖ਼ਾਲੀਆਂ ਬੋਤਲਾਂ ਅਤੇ ਟੂਣਿਆਂ 'ਚ ਵਰਤਿਆ ਜਾਂਦਾ ਕਾਫ਼ੀ ਕੁੱਝ ਮਿਲਿਆ ਪਰ ਹੋਰ ਕੁੱਝ ਪੱਲੇ ਨਹੀਂ ਪਿਆ।  ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀਆਂ-ਵੱਡੀਆਂ ਸਰਚ ਲਾਈਟਾਂ ਲਾ ਕੇ ਪਹਿਲਾਂ ਸੇਮ ਨਾਲੇ ਨੂੰ ਦੋਨੋਂ ਪਾਸਿਉਂ ਬੰਦ ਕਰਵਾਇਆ ਗਿਆ, ਕਈ ਟਰਾਲੀਆਂ ਦਾ ਗੰਦ ਬਾਹਰ ਕੱਢਣ ਉਪਰੰਤ ਕਾਰਵਾਈ ਸ਼ੁਰੂ ਹੋਈ।

ਭਾਵੇਂ ਉਕਤ ਸੇਮ ਨਾਲੇ ਦੇ ਆਲੇ ਦੁਆਲੇ ਬਹੁਤ ਗੰਦ ਪੈ ਗਿਆ ਅਤੇ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ, ਰਾਹਗੀਰਾਂ ਤੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਪੁਲਿਸ ਹੱਥ ਕੁੱਝ ਨਾ ਲੱਗਾ।  ਡੀਆਈਜੀ ਰਣਬੀਰ ਸਿੰਘ ਖੱਟੜਾ, ਏਆਈਜੀ ਸੁਖਮਿੰਦਰ ਸਿੰਘ ਮਾਨ, ਐਸਐਸਪੀ ਡਾ. ਨਾਨਕ ਸਿੰਘ, ਡੀਐਸਪੀ ਮਨਵਿੰਦਰਬੀਰ ਸਿੰਘ, ਐਸਐਚਓ ਖੇਮ ਚੰਦ ਪਰਾਸ਼ਰ ਸਮੇਤ ਐਸਆਈਟੀ ਦੀ ਸਮੁੱਚੀ ਟੀਮ ਦੀ ਨਿਗਰਾਨੀ ਹੇਠ ਸਾਰੀ ਕਾਰਵਾਈ ਮੁਕੰਮਲ ਕੀਤੀ ਗਈ।

ਇਸ ਮੌਕੇ ਡਰੇਨ ਵਿਭਾਗ ਦੇ ਐਕਸੀਅਨ ਸਮੇਤ ਸੀਵਰੇਜ ਵਿਭਾਗ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ। ਉਕਤ ਟੀਮ ਵਲੋਂ ਗੰਦਾ ਨਾਲਾ ਸਾਫ਼ ਕਰਾਉਣ ਲਈ ਦੋ ਜੇਸੀਬੀ ਮਸ਼ੀਨਾਂ ਸਮੇਤ ਹੋਰ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਡੀਆਈਜੀ ਖੱਟੜਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਸਿਆ ਕਿ ਪੁਛਗਿਛ ਦੌਰਾਨ ਪਹਿਲਾਂ ਮਹਿੰਦਰਪਾਲ ਬਿੱਟੂ ਪਾਵਨ ਸਰੂਪ ਨੂੰ ਅਗਨ ਭੇਟ ਕਰਨ ਜਾਂ ਦਰਿਆ 'ਚ ਸੁੱਟਣ ਦਾ ਕਹਿ ਕੇ ਝੂਠ ਬੋਲਦਾ ਰਿਹਾ ਤੇ ਜਦ ਉਸ ਨੇ ਮੰਨਿਆ ਕਿ ਪਾਵਨ ਸਰੂਪ ਉਕਤ ਡਰੇਨ 'ਚ ਸੁੱਟਿਆ ਗਿਆ ਹੈ ਤਾਂ ਐਸਆਈਟੀ ਨੇ ਬਿੱਟੂ ਦੀ ਨਿਸ਼ਾਨਦੇਹੀ 'ਤੇ ਉਕਤ ਕਾਰਵਾਈ ਨੂੰ ਅੰਜਾਮ ਦਿਤਾ।

ਉਨ੍ਹਾਂ ਦਸਿਆ ਕਿ ਉਕਤ ਕੇਸ ਦੀ ਜਾਂਚ ਸੀਬੀਆਈ ਵਲੋਂ ਕੀਤੀ ਜਾ ਰਹੀ ਹੈ ਤੇ ਉਹ ਸਾਰੀ ਰੀਪੋਰਟ ਸੀਬੀਆਈ ਨੂੰ ਸੌਂਪ ਦੇਣਗੇ।  ਖੱਟੜਾ ਨੇ ਦਸਿਆ ਕਿ ਹੁਣ ਤਕ ਇਸ ਕੇਸ ਵਿਚ ਬਿੱਟੂ ਸਮੇਤ 9 ਡੇਰਾ ਪ੍ਰੇਮੀਆਂ ਨੂੰ ਸਾਜ਼ਸ਼ਕਾਰ ਵਜੋਂ ਕਾਬੂ ਕੀਤਾ ਜਾ ਚੁਕਾ ਹੈ ਤੇ ਉਨ੍ਹਾਂ ਤੋਂ ਅਜੇ ਵੀ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਤਤਕਾਲੀਨ ਬਾਦਲ ਸਰਕਾਰ ਸੀ ਤੇ ਭਾਵੇਂ ਹੁਣ ਕੈਪਟਨ ਸਰਕਾਰ ਹੈ, ਸਾਡੇ ਉਪਰ ਕੋਈ ਸਿਆਸੀ ਦਬਾਅ ਨਹੀਂ, ਜਾਂਚ ਦਾ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇਸ ਕਰ ਕੇ ਲੋਕ ਅਫ਼ਵਾਹਾਂ 'ਤੇ ਯਕੀਨ ਨਾ ਕਰਨ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement