
ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਉੱਤਰ ਪ੍ਰਦੇਸ਼.....
ਅੰਮ੍ਰਿਤਸਰ, 16 ਜੂਨ: ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਉੱਤਰ ਪ੍ਰਦੇਸ਼ ਵਿਚ ਜ਼ਿਲ੍ਹਾ ਬਿਜਨੌਰ, ਰਾਮਪੁਰ ਅਤੇ ਲਖੀਮਪੁਰ ਖੀਰੀ ਦੇ ਪਿੰਡਾਂ ਵਿਚ ਵਸਦੇ ਸਿੱਖਾਂ ਦੀ ਵਿਸ਼ਵਾਸਘਾਤ ਨਾਲ ਜ਼ਮੀਨ ਹਥਿਆਉਣ ਅਤੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਤਬਾਹ ਕਰਨ ਦੀ ਕਾਰਵਾਈ ਦੇ ਸਰਕਾਰੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਅਪਣੇ ਹੀ ਦੇਸ਼ ਅੰਦਰ ਰਾਜ ਸਰਕਾਰਾਂ ਵਲੋਂ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਧੱਕੇਸ਼ਾਹੀ ਦਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਨਿਰਮਲ ਸਿੰਘ ਨੇ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਜਿਸ ਜੰਗਲਾਤ ਜ਼ਮੀਨ ਨੂੰ ਸਿੱਖਾਂ ਨੇ ਖ਼ਰੀਦ ਕੇ ਅਪਣੀ ਮਿਹਨਤ ਨਾਲ ਅਬਾਦ ਕੀਤਾ ਅਤੇ ਟਿਊਬਵੈੱਲਾਂ ਦੇ ਕੁਨੈਕਸ਼ਨ ਅਤੇ ਪਿਛਲੇ ਸਮੇਂ ਵਿਚ ਹੋਰ ਸਰਕਾਰੀ ਸਕੀਮਾਂ ਦਾ ਲਾਭ ਵੀ ਲਿਆ, ਪ੍ਰੰਤੂ ਮੌਜੂਦਾ ਸਥਾਨਕ ਸਰਕਾਰ ਵਲੋਂ ਉਸ ਜ਼ਮੀਨ ਨੂੰ ਹਥਿਆਉਣ ਦੀ ਕਾਰਵਾਈ ਕਰਨਾ ਸਰਾਸਰ ਗ਼ਲਤ ਅਤੇ ਬੇਇਨਸਾਫ਼ੀ ਹੈ।
File
ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸ. ਭਾਗ ਸਿੰਘ ਅਣਖੀ ਨੇ ਇਸ ਗੰਭੀਰ ਮਸਲੇ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਪਣੇ ਹੀ ਦੇਸ਼ ਅੰਦਰ ਪੀੜਤ ਸਿੱਖ ਪਰਵਾਰਾਂ ਵਿਰੁਧ ਹੋ ਰਹੀ ਬੇਇਨਸਾਫ਼ੀ, ਧੱਕਾ ਜੋਰੀ ਅਤੇ ਜਿਆਦਤੀਆਂ ਨਾ ਬਰਦਾਸ਼ਤ ਕਰਨ ਯੋਗ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਅਤੇ ਸ. ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਐਡੀਸ਼ਨਲ ਸਕੱਤਰ ਸ. ਅਵਤਾਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰੋ. ਹਰੀ ਸਿੰਘ ਅਤੇ ਪ੍ਰੋ. ਵਰਿਆਮ ਸਿੰਘ ਅਤੇ ਹੋਰ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਉਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਸਿੱਖਾਂ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ, ਉਨ੍ਹਾਂ ਦੇ ਘਰ ਅਤੇ ਰੋਜ਼ੀ ਰੋਟੀ ਬਚਾਉਣ ਦੇ ਯਤਨ ਕਰਨ ਹਿਤ ਲੋਂੜੀਦੀ ਕਾਰਵਾਈ ਕਰਨ।