
ਸਿਆਸੀ ਆਕਾਵਾਂ ਦੀ ਮਿਹਰਬਾਨੀ ਸਦਕਾ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਵਾਲੀ ਕੁਰਸੀ 'ਤੇ ਲੰਮਾ ਸਮਾਂ ਬਿਰਾਜਮਾਨ ਰਹਿਣ ਵਾਲੇ ਚਰਚਿਤ ਜਥੇਦਾਰ ਗਿਆਨੀ ਗੁਰਬਚਨ ਸਿੰਘ.....
ਕੋਟਕਪੂਰਾ : ਸਿਆਸੀ ਆਕਾਵਾਂ ਦੀ ਮਿਹਰਬਾਨੀ ਸਦਕਾ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਵਾਲੀ ਕੁਰਸੀ 'ਤੇ ਲੰਮਾ ਸਮਾਂ ਬਿਰਾਜਮਾਨ ਰਹਿਣ ਵਾਲੇ ਚਰਚਿਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਲਈ ਇਕ ਹੋਰ ਸਮੱਸਿਆ ਬਣ ਗਈ ਹੈ ਜਿਸ ਨੇ ਉਸ ਨੂੰ ਕਸੂਤੀ ਸਥਿਤੀ 'ਚ ਫਸਾ ਦਿਤਾ ਹੈ ਕਿਉਂਕਿ 'ਦਰਬਾਰ-ਏ-ਖ਼ਾਲਸਾ' ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ 'ਚ ਜਥੇਬੰਦੀ ਦੇ ਇਕ ਵਫ਼ਦ ਨੇ ਸਿੱਟ ਅਧਿਕਾਰੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਕੋਲ ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਇਕ ਅਧਿਕਾਰ ਪੱਤਰ ਸੌਂਪਿਆ ਹੈ
ਜਿਸ 'ਚ ਅਗਿਆਤ ਗਰੁਪ ਦੀ ਬੇਨਤੀ 'ਤੇ ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦੀ ਸੰਭਾਲ ਕਰਨ ਦੀ ਮਨਜ਼ੂਰੀ ਦਿਤੀ ਹੋਈ ਸੀ। ਸਿਤਮਜ਼ਰੀਫ਼ੀ ਦੇਖੋ ਕਿ ਉਕਤ ਪੱਤਰ 'ਤੇ ਕਿਸੇ ਵੀ ਬੇਨਤੀਕਰਤਾ ਸੰਸਥਾ ਜਾਂ ਨਿਜੀ ਵਿਅਕਤੀ ਦਾ ਕੋਈ ਪਤਾ ਨਹੀਂ ਸੀ ਅਤੇ ਨਾ ਹੀ ਕਿਸੇ ਬਿਨੈਕਾਰ ਦੇ ਹਸਤਾਖ਼ਰ ਸਨ ਪਰ ਗਿਆਨੀ ਗੁਰਬਚਨ ਸਿੰਘ ਨੇ ਪਤਾ ਨਹੀਂ ਕਿਸ ਦਬਾਅ ਕਾਰਨ ਨਾਮਲੂਮ ਲੋਕਾਂ ਨੂੰ ਬਿਰਧ ਸਰੂਪਾਂ ਦੀ ਸੰਭਾਲ ਦਾ ਜ਼ਿੰਮਾ ਸੌਂਪ ਦਿਤਾ।
ਜਥੇਬੰਦੀ ਵਲੋਂ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ ਕਿ ਇਕ ਗਰੁਪ ਵਲੋਂ ਉਕਤ ਅਧਿਕਾਰ ਪੱਤਰ ਦਿਖਾ ਕੇ ਮਲੇਰਕੋਟਲਾ ਇਲਾਕੇ ਵਿਚੋਂ ਸਤੰਬਰ 2015 ਤਕ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਅਤੇ 250 ਦੇ ਕਰੀਬ ਪੋਥੀਆਂ ਲੈ ਗਏ, ਉਨ੍ਹਾਂ ਵਲੋਂ ਗੁਰੂ ਸਾਹਿਬ ਦੇ ਸਰੂਪ ਤੇ ਪੋਥੀਆਂ ਨੂੰ ਕਿਥੇ ਲਿਜਾਇਆ ਗਿਆ ਇਹ ਭੇਦ ਅਜੇ ਬਰਕਰਾਰ ਹੈ। ਭਾਈ ਮਾਝੀ ਦੀ ਅਗਵਾਈ ਵਾਲੇ ਵਫ਼ਦ ਨੇ ਦਾਅਵਾ ਕੀਤਾ ਕਿ ਅਜਿਹਾ ਕੁੱਝ ਵਾਪਰ ਜਾਣ 'ਤੇ ਗੁਰਦਵਾਰਾ ਸਾਹਿਬ “ਹਾਅ ਦਾ ਨਾਹਰਾ ਮਲੇਰਕੋਟਲਾ'' ਵਲੋਂ ਇਹ ਮਾਮਲਾ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਦੇ ਧਿਆਨ ਵਿਚ ਲਿਆਉਣ ਸਬੰਧੀ ਇਕ ਬੇਨਤੀ ਪੱਤਰ ਵੀ ਭੇਜਿਆ ਗਿਆ ਸੀ,
ਜਿਸ 'ਤੇ ਕੋਈ ਕਾਰਵਾਈ ਕੀਤੇ ਜਾਣ ਸਬੰਧੀ ਕੋਈ ਵੀ ਸੂਚਨਾ ਉਪਲਬਧ ਨਹੀਂ। ਇਸ ਨਾਲ ਇਸ ਸਬੰਧੀ ਮੁਕੱਦਮਾ ਨੰਬਰ 110 ਮਿਤੀ 28-9-2015 ਥਾਣਾ ਅਮਰਗੜ੍ਹ ਵਿਖੇ ਵੀ ਦਰਜ ਕੀਤਾ ਗਿਆ ਸੀ ਜਿਸ ਸਬੰਧੀ ਵੀ ਅੱਗੇ ਕੀਤੀ ਗਈ ਕਾਰਵਾਈ ਦਾ ਕੁੱਝ ਪਤਾ ਨਹੀਂ। ਉਕਤ ਮੁਕੱਦਮੇ ਦੀ ਕਾਪੀ ਵੀ ਪੁਲਿਸ ਜਾਂਚ ਟੀਮ ਨੂੰ ਸੌਂਪੀ ਗਈ। ਜਾਂਚ ਟੀਮ ਨੂੰ ਉਕਤ ਦਸਤਾਵੇਜ਼ ਸੌਂਪਣ ਉਪਰੰਤ ਪੁਲਿਸ ਟੀਮ ਤੋਂ ਮੰਗ ਕੀਤੀ ਗਈ ਕਿ ਇਸ ਮਸਲੇ ਨੂੰ ਧਿਆਨ ਨਾਲ ਪੜਤਾਲਿਆ ਜਾਵੇ।
ਸਵਾਲ-ਜਵਾਬ 'ਚ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਦਸਤਖ਼ਤ ਜਾਅਲੀ ਹੋਣ ਦੇ ਖਦਸ਼ੇ ਸਬੰਧੀ ਭਾਈ ਮਾਝੀ ਨੇ ਸਿੱਟ ਨੂੰ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਵਲੋਂ ਇਸ ਸੰਗੀਨ ਮਸਲੇ 'ਤੇ ਜਥੇਦਾਰ ਦੇ ਮਸਲਾ ਧਿਆਨ 'ਚ ਆਉਣ ਦੇ ਬਾਵਜੂਦ ਵੀ ਅੱਜ ਤਕ ਕੋਈ ਪਰਚਾ ਦਰਜ ਕਿਉਂ ਨਹੀਂ ਕਰਵਾਇਆ ਗਿਆ।
ਦਰਬਾਰ-ਏ-ਖ਼ਾਲਸਾ ਨੇ ਪੁਲਿਸ ਕੋਲ ਜ਼ੋਰਦਾਰ ਤਰੀਕੇ ਨਾਲ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਕਾਰਨਾਂ ਦਾ ਪਤਾ ਕੀਤਾ ਜਾਵੇ,
ਜਿਨ੍ਹਾਂ ਕਰ ਕੇ ਜਥੇਦਾਰ ਨੇ ਬਿਨਾਂ ਬਿਨੈਕਾਰ ਨੂੰ ਤਸਦੀਕ ਕੀਤਿਆਂ ਉਨ੍ਹਾਂ ਨੂੰ ਬਿਰਧ ਸਰੂਪਾਂ ਨੂੰ ਗੁਰਦੁਆਰਾ ਸਾਹਿਬਾਨ 'ਚੋਂ ਲਿਜਾਣ ਦੇ ਅਧਿਕਾਰ ਦਿਤੇ ਅਤੇ ਉਕਤ ਗਰੁਪ ਵਲੋਂ ਲਿਜਾਏ ਗਏ ਸਰੂਪ ਅਤੇ ਪੋਥੀਆਂ ਕਿਥੇ ਅਤੇ ਕਿਸ ਹਾਲਤ 'ਚ ਹਨ? ਇਸ ਸਮੇਂ ਉਨ੍ਹਾਂ ਨਾਲ ਦਰਬਾਰ-ਏ ਖ਼ਾਲਸਾ ਦੇ ਬਲਜੀਤ ਸਿੰਘ ਭਗਤਾ, ਜਗਤਾਰ ਸਿੰਘ ਜੰਗੀਆਣਾ ਅਤੇ ਹਰਪਿੰਦਰ ਸਿੰਘ ਕੋਟਕਪੂਰਾ ਵੀ ਸਨ।