
ਵਿਵਾਦਤ ਚੀਫ ਖਾਲਸਾ ਦੀਵਾਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਹੰਗਾਮਿਆਂ ਭਰੀ ਤੇ ਤੂੰ-ਤੂੰ, ਮੈਂਂ-ਮੈਂ 'ਚ ਖ਼ਤਮ ਹੋ ਗਈ,ਜਿਸ ਦੌਰਾਨ ਉਕਤ ਸੰਸਥਾ ਦੇ ਪ੍ਰਧਾਨ ...
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਵਿਵਾਦਤ ਚੀਫ ਖਾਲਸਾ ਦੀਵਾਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਹੰਗਾਮਿਆਂ ਭਰੀ ਤੇ ਤੂੰ-ਤੂੰ, ਮੈਂਂ-ਮੈਂ 'ਚ ਖ਼ਤਮ ਹੋ ਗਈ,ਜਿਸ ਦੌਰਾਨ ਉਕਤ ਸੰਸਥਾ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਧਮਕੀ ਵੀ ਦੇ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਝਗੜੇ ਦਾ ਮੁੱਢ ਉਸ ਵੇਲੇ ਬੱਝਾ ਜਦ ਡਾ: ਸੰਤੋਖ ਸਿੰਘ ਨੇ ਪਰਮਾਨੈਂਟ ਇਨਵਾਇਟੀ ਮੈਂਬਰ ਦੇ ਮੀਟਿੰਗ 'ਚ ਆਉਣ ਦੀ ਵਿਰੋਧਤਾ ਕੀਤੀ। ਇਸ ਮੌਕੇ ਸਥਾਨਕ ਪ੍ਰਧਾਨ ਨਿਰਮਲ ਸਿੰਘ ਨੇ ਡਾ: ਸੰਤੋਖ ਸਿੰਘ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਹ 16 ਸਾਲ ਤੋਂ ਆ ਰਹੇ ਹਨ।
ਪਿਛਲੇ ਬੈਠਕ 'ਚ ਡਾ: ਸੰਤੋਖ ਸਿੰਘ ਨੇ ਇਨਾਂ ਨੂੰ ਆਗਿਆ ਦੇਣ ਦੇ ਨਾਲ ਆਪਣੇ ਵਿਚਾਰ ਰੱਖਣ ਦਾ ਵੀ ਮੌਕਾ ਦਿੱਤਾ। ਪਰ ਉਹ ਵਿਰੋਧਤਾ ਦੇਖ ਕੇ ਦੰਗ ਰਹਿ ਗਏ। ਇਸ ਤੇ ਪਰਮਾਨੈਂਟ ਇਨਵਾਇਟੀ ਮੈਂਬਰਾਂ ਵੀ ਡਾ: ਸੰਤੋਖ ਸਿੰਘ ਵਿਰੁੱਧ ਭੜਕ ਪਏ ਭਾਰੀ ਹੰਗਾਮਾਂ ਹੋਇਆ, ਬਾਅਦ ਵਿੱਚ ਡਾ: ਸੰਤੋਖ ਸਿੰਘ ਨੇ ਅਸਤੀਫੇ ਦੀ ਕੀਤੀ ਪੇਸ਼ਕਸ਼ ਵਾਪਸ ਲੈ ਲਈ। ਰਾਜ ਮਹਿੰਦਰ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਅਸਤੀਫਾ ਦੇਣਾ ਹੈ ਤਾਂ ਲਿਖਤੀ ਦੇਵੋ, ਮਾਹੌਲ ਸਾਂਤ ਕਰਨ ਲਈ ਸਥਾਨਕ ਪ੍ਰਧਾਨ ਨਿਰਮਲ ਸਿੰਘ ਨੇ ਡਾ: ਸੰਤੋਖ ਸਿੰਘ ਨੂੰ ਸੁਝਾਅ ਦਿੱਤਾ ਕਿ ਮੀਟਿੰਗ ਮੁਲਤਵੀ ਕਰਕੇ 18 ਜੂਨ ਸੋਮਵਾਰ ਕਰ ਲਈ ਜਾਵੇ।
ਪਰ ਡਾ: ਸੰਤੋਖ ਸਿੰਘ ਨੇ ਕਿਹਾ ਕਿ ਉਹ ਸੋਮਵਾਰ ਬਾਹਰ ਹੋਣਗੇ। ਇਸ ਤੇ ਨਿਰਮਲ ਸਿੰਘ ਨੇ ਕਿਹਾ ਕਿ ਪ੍ਰਧਾਨਗੀ ਧਨਰਾਜ ਸਿੰਘ ਕਰ ਲੈਣਗੇ। ਦੂਸਰੇ ਪਾਸੇ ਚੀਫ ਖਾਲਸਾ ਦੀਵਾਨ ਵੱਲੋ ਜਾਰੀ ਬਿਆਨ ਅਨੁਸਾਰ ਅੱਜ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ,ਅੰਮ੍ਰਿਤਸਰ ਦੀ ਕਾਰਜ ਸਾਧਕ ਕਮੇਟੀ ਦੀ ਇੱਕਤਰਤਾ ਗੁਰੂਦੁਆਰਾ ਸ਼੍ਰੀਕਲਗੀਧਰ ਸਾਹਿਬ ਵਿਖੇ ਸੱਦੀ ਗਈ ਸੀ। ਜਿਸ ਤਹਿੱਤ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਸਮੂਹ ਅਦਾਰਿਆਂ ਦੇ ਸਾਲ 2018-2019 ਦੇ ਅਨੁਮਾਨਤ ਬਜਟਾਂ ਤੇ ਵਿਚਾਰ ਅਤੇ ਪ੍ਰਵਾਨਗੀ ਲੈਣਾ ਮੁੱਖ ਏਜੰਡਾ ਸੀ।
ਫੁਟਕਲ ਏਜੰਡੇ ਅਧੀਨ ਪ੍ਰਧਾਨ ਡਾ: ਸੰਤੋਖ ਸਿੰਘ ਵੱਲੋ ਹਰ ਮੈਂਬਰ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਦੇਣਾ ਸੀ, ਪਰੰਤੂ ਮੀਟਿੰਗ ਦੇ ਸੁਰੂ ਵਿਚ ਹੀ ਕੁਝ ਮੈਂਬਰਜ਼ ਵੱਲੋ ਗੁਰੂ ਸਾਹਿਬ ਜੀ ਦੀ ਹਾਜਰੀ ਵਿਚ ਮੀਟਿੰਗ ਵਿਚ ਰੁਕਾਵਟਾਂ ਪਾਈਆਂ ਗਈਆਂ। ਜਿਸ ਨੂੰ ਵੇਖਦਿਆਂ ਪ੍ਰਧਾਨ ਵੱਲੋਂ ਸੰਵਿਧਾਨ ਦੇ ਪੰਨਾ 24 ਤੇ ਦਰਜ਼ ਨਿਯਮ 17 ਮੁਤਾਬਕ ਮੀਟਿੰਗ ਮੁਲਤਵੀ ਕਰਕੇ ਮਿਤੀ 18-06-2018 ਦਿਨ ਸੋਮਵਾਰ ਸਵੇਰੇ 11-30 ਵਜੇ ਚੀਫ ਖਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਰੱਖ ਦਿੱਤੀ ਗਈ ਹੈ।