
ਸਿੱਖੀ ਦੇ ਖ਼ੂਨ ਪਸੀਨੇ ਨਾਲ ਬਣੀਆਂ ਮਹਾਨ ਸੰਸਥਾਵਾਂ ਦਾ ਘਾਣ ਬਾਦਲਾਂ ਨੇ ਕੀਤਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਤਾਬਦੀ ਸਮਾਗਮਾਂ ਬਾਰੇ ਸਪਸ਼ਟ ਕੀਤਾ ਹੈ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਬਾਦਲਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ 100 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਾਗਮ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਲੋਕਾਂ ਨੇ ਖ਼ਾਸ ਕਰ ਕੇ ਸਿੱਖਾਂ ਨੇ ਉਨ੍ਹਾਂ ਨੂੰ ਰੱਦ ਕੀਤਾ ਹੈ ਅਤੇ ਉਹ ਹਰ ਵਰਗ ਦਾ ਭਰੋਸਾ ਗਵਾ ਚੁੱਕੇ ਹਨ।
SGPC
ਲੋਕਤੰਤਰ ਵਿਚ ਕੋਈ ਵੀ ਸੱਤਾਧਾਰੀ ਸੱਤਾ ਦਾ ਆਨੰਦ ਮਾਣ ਨਹੀਂ ਸਕਦਾ ਜਿਸ ਦਾ ਲੋਕਾਂ ਤੋਂ ਵਿਸ਼ਵਾਸ ਉਠ ਚੁੱਕਾ ਹੋਵੇ। ਸ਼੍ਰੋਮਣੀ ਕਮੇਟੀ ਲਸਾਨੀ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੀ, ਪਰ ਬਾਦਲ ਪ੍ਰਵਾਰ ਨੇ ਇਸ ਮਹਾਨ ਸੰਸਥਾ ਨੂੰ ਅਪਣੇ ਪ੍ਰਵਾਰ ਜੋਗਾ ਹੀ ਸੀਮਤ ਕਰਦਿਆਂ ਅਪਣੀ ਮਨਮਰਜ਼ੀ ਦੇ ਪ੍ਰਧਾਨ ਥਾਪੇ ਜਾਂਦੇ ਹਨ।
Parkash singh badal with Sukhbir Singh Badal
ਬ੍ਰਹਮਪੁਰਾ ਨੇ ਪ੍ਰਵਾਰਵਾਦ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਵੇਲੇ ਸਿੱਖ ਮੌਜੂਦਾ ਹਾਕਮਾਂ ਤੋਂ ਬੜੇ ਦੁਖੀ ਹਨ, ਜਿਨ੍ਹਾਂ ਦੇ ਰਾਜਭਾਗ ਵੇਲੇ ਸੌਦਾ ਸਾਧ ਵਰਗਿਆਂ ਨੂੰ ਉੱਚਾ ਚੁਕਿਆ ਗਿਆ। ਸਿੱਖ ਧਰਮ ਵਿਚ ਮੀਰੀ-ਪੀਰੀ ਦਾ ਸਿਧਾਂਤ ਲਾਗੂ ਹੈ ਪਰ ਇਸ ਨੂੰ ਇਕ ਪਾਸੇ ਕਰਦਿਆਂ ਰਾਜਨੀਤੀ ਦੇ ਹੇਠਾਂ ਧਰਮ ਨੂੰ ਕਰ ਦਿਤਾ ਹੈ।
Ranjit Singh Brahmpura
ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮਨਾਇਆ ਜਾ ਰਿਹਾ ਸ਼ਤਾਬਦੀ ਸਮਾਗਮ ਲੋਕ ਵਿਖਾਵਾ ਹੈ। ਇਨ੍ਹਾਂ ਨੇ ਪੰਥ ਤੇ ਗ੍ਰੰਥ ਦਾ ਸਿਧਾਂਤ ਇਕ ਸਾਜ਼ਸ਼ ਤਹਿਤ ਖ਼ਤਮ ਕਰ ਦਿਤਾ। ਸ਼੍ਰੋਮਣੀ ਕਮੇਟੀ ਚੋਣਾਂ ਰੁਕਵਾਉਣ ਲਈ ਬਾਦਲ ਅੜਿਕੇ ਡਾਹ ਰਹੇ ਹਨ। ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਮਨਾਵੇ ਜਿਸ ਦੀ ਗੋਲਕ ਦੀ ਲੁੱਟ ਹੋ ਰਹੀ ਹੈ।