
ਚਾਬੀਆਂ ਦੇ ਮੋਰਚੇ ਦੌਰਾਨ ਜਿਨ੍ਹਾਂ ਨੇ ਝੁਕਾ ਦਿੱਤੀ ਸੀ ਅੰਗਰੇਜ਼ ਹਕੂਮਤ
ਬਾਬਾ ਖੜਕ ਸਿੰਘ ਦਾ ਨਾਂਅ ਪੂਰਾ ਜੀਵਨ ਤਹਿ ਦਿਲੋਂ ਕੌਮ ਨੂੰ ਸਮਰਪਿਤ ਕਰਨ ਵਾਲੇ ਆਗੂਆਂ 'ਚ ਲਿਆ ਜਾਂਦਾ ਹੈ। ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਨਿਡਰਤਾ ਦੀਆਂ ਅੱਜ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।ਬਾਬਾ ਖੜਕ ਸਿੰਘ ਦਾ ਜਨਮ 6 ਜੂਨ 1867 ਨੂੰ ਅਜੋਕੇ ਪਾਕਿਸਤਾਨ 'ਚ ਪੈਂਦੇ ਸਿਆਲਕੋਟ ਵਿਖੇ ਪਿਤਾ ਰਾਏ ਬਹਾਦਰ ਸ. ਹਰੀ ਸਿੰਘ ਦੇ ਗ੍ਰਹਿ ਵਿਖੇ ਹੋਇਆ, ਜੋ ਇੱਕ ਧਨਾਢ ਠੇਕੇਦਾਰ ਅਤੇ ਕਾਰੋਬਾਰੀ ਸਨ। ਇੱਕ ਰੱਜੇ-ਪੁੱਜੇ ਪਰਿਵਾਰ 'ਚ ਜਨਮ ਲੈ ਕੇ ਸਕੂਨ ਦੀ ਜ਼ਿੰਦਗੀ ਜਿਉਣ ਦੀ ਬਜਾਏ, ਉਨ੍ਹਾਂ ਨੇ ਸਿੱਖ ਕੌਮ ਦੇ ਹੱਕਾਂ ਲਈ ਜੂਝਦੇ ਹੋਏ ਸੰਘਰਸ਼ ਵਾਲੀ ਜ਼ਿੰਦਗੀ ਚੁਣੀ।
ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਦੇ ਜੀਵਨ, ਅਤੇ ਨਾਲ ਹੀ ਸਿੱਖ ਕੌਮ ਅਤੇ ਭਾਰਤ ਦੇ ਇਤਿਹਾਸ ਦਾ ਇੱਕ ਯਾਦਗਾਰੀ ਵਾਕਿਆ ਹੈ, ਜਿਸ 'ਚ ਬਾਬਾ ਜੀ ਦੀ ਮਜ਼ਬੂਤ ਅਗਵਾਈ 'ਚ ਲੱਗੇ ਮੋਰਚੇ ਨੇ ਅੰਗਰੇਜ਼ ਹਾਕਮਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ, ਅਤੇ ਗੋਰੀ ਹਕੂਮਤ ਦੇ ਨੁਮਾਇੰਦੇ ਨੇ ਖ਼ੁਦ ਹਾਜ਼ਰ ਹੋ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਨੂੰ ਸੌਂਪੀਆਂ।
ਬ੍ਰਿਟਿਸ਼ ਰਾਜ ਦੌਰਾਨ ਬਾਬਾ ਜੀ ਨੂੰ ਅਨੇਕਾਂ ਵਾਰ ਜੇਲ੍ਹ ਜਾਣਾ ਪਿਆ। ਕਦੇ ਤੋਸ਼ੇਖਾਨੇ ਦੀਆਂ ਚਾਬੀਆਂ ਸਿੱਖ ਕੌਮ ਦੇ ਹਵਾਲੇ ਕਰਵਾਉਣ ਲਈ, ਕਦੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦਾ ਕਾਰਖ਼ਾਨਾ ਚਲਾਉਣ ਬਦਲੇ, ਤੇ ਕਦੇ ਸਿੱਖਾਂ ਦੀ ਵੱਖਰੀ ਪਛਾਣ ਦਸਤਾਰ ਦੇ ਸਨਮਾਨ ਵਾਸਤੇ, ਪਰ ਹਰ ਸੰਘਰਸ਼ ਅਤੇ ਜੇਲ੍ਹ ਨਾਲ ਬਾਬਾ ਜੀ ਹੋਰ ਮਜ਼ਬੂਤ ਹੋ ਕੇ ਉੱਭਰਦੇ।
ਸਿੱਖ ਕੌਮ ਦੇ ਹੱਕਾਂ ਦੇ ਨਾਲ-ਨਾਲ, ਬਾਬਾ ਖੜਕ ਸਿੰਘ ਨੇ ਭਾਰਤ ਦੀ ਅਜ਼ਾਦੀ ਦੀ ਜੰਗ 'ਚ ਵੀ ਅਹਿਮ ਭੂਮਿਕਾ ਨਿਭਾਈ। ਨਾ-ਮਿਲਵਰਤਨ ਅੰਦੋਲਨ ਅਤੇ ਸਾਈਮਨ ਕਮਿਸ਼ਨ ਦੇ ਵਿਰੋਧ 'ਚ ਉਨ੍ਹਾਂ ਨੇ ਮੋਹਰੀ ਹੋ ਕੇ ਸੰਘਰਸ਼ ਕੀਤਾ। ਇਸ ਮਜ਼ਬੂਤ ਸਿੱਖ ਆਗੂ ਨੂੰ ਸਨਮਾਨ ਦਿੰਦੇ ਹੋਏ, ਰਾਜਧਾਨੀ ਦਿੱਲੀ 'ਚ ਇੱਕ ਸੜਕ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ ਹੈ, ਅਤੇ ਉਨ੍ਹਾਂ ਦਾ ਜੀਵਨ ਸਮੂਹ ਸਿੱਖਾਂ ਨੂੰ ਸੌੜੀਆਂ ਸਿਆਸਤਾਂ ਨੂੰ ਠੁਕਰਾ ਕੇ ਕੌਮੀ ਹੱਕਾਂ ਲਈ ਇੱਕਜੁੱਟ ਹੋਣ ਦੀ ਪ੍ਰੇਰਨਾ ਦਿੰਦਾ ਰਹੇਗਾ।