
ਸੰਘ ਪਰਵਾਰ ਨਹੀਂ ਚਾਹੁੰਦਾ ਕਿ ਗਿਆਨੀ ਇਕਬਾਲ ਸਿੰਘ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹਟਾਏ ਜਾ ਚੁਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਮੁੜ ਅਹੁਦੇ 'ਤੇ ਬਹਾਲ ਕਰਨ ਲਈ ਕੁੱਝ ਤਾਕਤਾਂ ਸਰਗਰਮ ਹੋ ਗਈਆਂ ਹਨ। ਇਨ੍ਹਾਂ ਤਾਕਤਾਂ ਵਿਚੋਂ ਸੱਭ ਤੋਂ ਮਜ਼ਬੂਤ ਧਿਰ ਆਰ ਐਸ ਐਸ ਦਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੰਘ ਪਰਵਾਰ ਇਹ ਨਹੀਂ ਚਾਹੁੰਦਾ ਕਿ ਗਿਆਨੀ ਇਕਬਾਲ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਇਸ ਬਾਰੇ ਇਕ ਕੇਸ ਵੀ ਪਟਨਾ ਸਾਹਿਬ ਦੀ ਇਕ ਅਦਾਲਤ ਵਿਚ ਚਲ ਰਿਹਾ ਹੈ।
Patna Sahib Gurudwara
ਗਿਆਨੀ ਇਕਬਾਲ ਸਿੰਘ ਨੂੰ ਮੁੜ ਉਨ੍ਹਾਂ ਦੇ ਅਹੁਦੇ 'ਤੇ ਬਹਾਲ ਕਰਨ ਲਈ ਪ੍ਰਬੰਧਕੀ ਬੋਰਡ ਤੇ ਸੰਘ ਵਲੋਂ ਦਬਾਅ ਪਾਇਆ ਜਾ ਰਿਹਾ ਹੈ। ਗਿਆਨੀ ਇਕਬਾਲ ਸਿੰਘ ਨੂੰ ਮੁੜ ਉਨ੍ਹਾਂ ਦੇ ਪੁਰਾਣੇ ਰੁਤਬੇ ਤੇ ਬਹਾਲ ਕਰਨ ਲਈ ਸੰਘ ਦਾ ਇਕ ਸੀਨੀਅਰ ਆਗੂ ਨਿਰਮਲੇ ਸੰਤ ਦੇ ਭੇਖ ਵਿਚ ਪਟਨਾ ਸਾਹਿਬ ਵਿਚ ਬੈਠਾ ਸਿਆਸੀ ਜੋੜ ਤੋੜ ਕਰ ਰਿਹਾ ਹੈ ਤਾਕਿ ਗਿਆਨੀ ਇਕਬਾਲ ਸਿੰਘ ਦਾ ਪੁਰਾਣਾ ਰੁਤਬਾ ਕਾਇਮ ਰਹਿ ਜਾਵੇ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਕੁੱਝ ਅਹੁਦੇਦਾਰ ਅਤੇ ਅਕਾਲੀ ਦਲ ਬਾਦਲ ਦੇ ਨਾਲ ਸਬੰਧਤ ਕੁੱਝ ਮੈਂਬਰ ਵੀ ਇਸ ਨਵੀਂ ਰਣਨੀਤੀ ਵਿਚ ਭਰਵੇਂ ਤੌਰ 'ਤੇ ਸੰਘ ਦੀ ਮਦਦ ਕਰ ਰਹੇ ਹਨ।
Giani Iqbal Singh
ਦਸਣਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਤੇ ਉਨ੍ਹਾਂ ਦੀਆਂ ਤਖ਼ਤ ਸਾਹਿਬ ਬੋਰਡ ਅਤੇ ਅਕਾਲ ਤਖ਼ਤ ਸਾਹਿਬ 'ਤੇ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਮੁਕਤ ਕਰ ਦਿਤਾ ਗਿਆ ਸੀ। 10 ਮਈ 2019 ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੀ ਹੋਈ ਮੀਟਿੰਗ ਵਿਚ ਬੋਰਡ ਦੇ 13 ਵਿਚੋਂ 10 ਮੈਂਬਰਾਂ ਨੇ ਸਰਬ ਸੰਮਤੀ ਨਾਲ ਫ਼ੈਸਲਾ ਲੈ ਕੇ ਗਿਆਨੀ ਇਕਬਾਲ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿਤੀਆਂ ਸਨ ਤੇ ਉਨ੍ਹਾਂ ਦੀ ਥਾਂ 'ਤੇ ਗਿਆਨੀ ਰਜਿੰਦਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਦੀ ਸੇਵਾ ਸੌਂਪੀ ਗਈ ਸੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬੋਰਡ ਨੂੰ ਹਦਾਇਤ ਕੀਤੀ ਸੀ ਕਿ ਮੈਂਬਰ ਬੋਰਡ ਦੇ ਵਿਧਾਨ ਦੀ ਧਾਰਾ 79 ਮੁਤਾਬਕ ਫ਼ੈਸਲਾ ਲੈ ਕੇ ਅਕਾਲ ਤਖ਼ਤ ਸਾਹਿਰ ਨੂੰ ਰੀਪੋਰਟ ਕਰਨ।