
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਟਾ, ਦਾਲਾਂ ਅਤੇ ਸਬਜ਼ੀਆਂ ਦੀ ਖਪਤ ’ਚ 20 ਫ਼ੀ ਸਦੀ ਦਾ ਵਾਧਾ ਹੋਇਆ
Guru Ramdas Ji Langar News ਅੰਮ੍ਰਿਤਸਰ (ਸਤਵਿੰਦਰ ਸਿੰਘ ਜੱਜ): ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਵਿਸ਼ਵ ਦੀ ਸੱਭ ਤੋਂ ਵੱਡੀ ਰਸੋਈ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਰੋਜ਼ਾਨਾ 120 ਕੁਇੰਟਲ ਆਟੇ ਦੀ ਖਪਤ ਹੋ ਰਹੀ ਹੈ। ਇਸ ਤੋਂ ਇਲਾਵਾ ਹਰ ਰੋਜ਼ 20 ਤੋਂ 25 ਕੁਇੰਟਲ ਚੌਲ, 25 ਕੁਇੰਟਲ ਦਾਲਾਂ ਅਤੇ 20 ਕੁਇੰਟਲ ਮੌਸਮੀ ਸਬਜ਼ੀਆਂ ਦੀ ਵੀ ਵਰਤੋਂ ਹੁੰਦੀ ਹੈ। ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਯਾਨੀ ਜੂਨ 2023 ਦੌਰਾਨ ਰੋਜ਼ਾਨਾ 100 ਕੁਇੰਟਲ ਆਟਾ ਵਰਤਿਆ ਗਿਆ ਸੀ। ਇਸ ਤਰ੍ਹਾਂ ਇਸ ਗਰਮੀ ’ਚ ਆਟਾ, ਦਾਲਾਂ ਅਤੇ ਸਬਜ਼ੀਆਂ ਦੀ ਖਪਤ ’ਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਵਿਸ਼ਵ ਪ੍ਰਸਿੱਧ ਧਾਰਮਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਸੰਗਤਾਂ ਨੂੰ 24 ਘੰਟੇ ਲੰਗਰ ਅਤੁਟ ਵਰਤਾਇਆ ਜਾਂਦਾ ਹੈ। ਸ਼ਰਧਾਲੂਆਂ ਲਈ ਲੰਗਰ ਵਿਚ ਕੜਾਹ ਪ੍ਰਸ਼ਾਦ, ਦਾਲਾਂ, ਸਬਜ਼ੀਆਂ, ਚੌਲ ਅਤੇ ਮਿੱਠੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਸ ਨਾਲ ਹੀ ਚਾਹ ਦਾ ਲੰਗਰ ਵੀ 24 ਘੰਟੇ ਚਲਦਾ ਹੈ। ਮੌਜੂਦਾ ਗਰਮੀ ਦੇ ਮੌਸਮ ਅਨੁਸਾਰ ਇਨ੍ਹਾਂ ਦੋਹਾਂ ਲੰਗਰਾਂ ਵਿਚ ਕਾਲੇ ਛੋਲੇ, ਚਿੱਟੇ ਛੋਲੇ, ਦਾਲਾਂ, ਚੌਲ, ਖੀਰ, ਦਹੀਂ ਆਦਿ ਦਾ ਲੰਗਰ ਸੰਗਤਾਂ ਨੂੰ ਵਰਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੌਸਮੀ ਸਬਜ਼ੀਆਂ ਜਿਵੇਂ ਟਿੰਡਾ, ਘਿਉ, ਹਲਵਾ ਕੱਦੂ, ਹਰੀ ਉਬਾਲ, ਲੇਡੀਫਿੰਗਰ, ਸ਼ਿਮਲਾ ਮਿਰਚ, ਆਲੂ ਦੀਆਂ ਸਬਜ਼ੀਆਂ ਵਰਤਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਜਾਦਾ ਹੈ ਲੰਗਰ। ਲੰਗਰ ਤਿਆਰ ਕਰਨ ਲਈ ਰੋਜ਼ਾਨਾ 7-10 ਕੁਇੰਟਲ ਦੇਸੀ ਘਿਉ ਦੀ ਲੋੜ ਹੁੰਦੀ ਹੈ।
ਲੰਗਰ ਪ੍ਰਬੰਧਕ ਸਤਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਸ਼ਰਧਾਲੂ ਮੌਸਮੀ ਸਬਜ਼ੀਆਂ ਵਰਤਣ ਨੂੰ ਤਰਜੀਹ ਦਿੰਦੇ ਹਨ। ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਜਦੋਂ ਸੰਗਤ ਅਰਥਾਤ ਸੂਬੇ ਦੇ ਪੇਂਡੂ ਖੇਤਰਾਂ ਦੇ ਕਿਸਾਨ ਕਣਕ ਦੀ ਵਾਢੀ ਕਰਦੇ ਹਨ ਤਾਂ ਦਸ ਫ਼ੀ ਸਦੀ ਕਣਕ ਭਾਵ ਦਸਵੰਧ ਗੁਰੂ ਘਰ ਲਈ ਭੇਟ ਕਰਦੇ ਹਨ। ਇਸ ਤੋਂ ਇਲਾਵਾ ਗੁਰੂਘਰ ਵਿਚ ਆਸਥਾ ਰੱਖਣ ਵਾਲੀ ਸੰਗਤ ਟੀਂਡਾ, ਘੀਆ, ਸ਼ਿਮਲਾ ਮਿਰਚ, ਹਲਵਾ ਕੱਦੂ, ਘੀਆ ਤੋਰੀ, ਭਿੰਡੀ ਆਦਿ ਮੌਸਮੀ ਸਬਜ਼ੀਆਂ ਵੀ ਲੈ ਕੇ ਆਉਂਦੀ ਹੈ। ਉਨ੍ਹਾਂ ਦਸਿਆ ਕਿ ਹਰ ਰੋਜ਼ ਕਰੀਬ 80 ਕੁਇੰਟਲ ਆਟਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਦਸਿਆ ਗਿਆ ਆਟਾ ਚਪਾਤੀਆਂ ਬਣਾਉਣ ਲਈ ਵਰਤੇ ਜਾਣ ਵਾਲੇ ਆਟੇ ਤੋਂ ਵਖਰਾ ਹੈ। ਉਨ੍ਹਾਂ ਦਸਿਆ ਕਿ ਲੰਗਰ ਤਿਆਰ ਕਰਨ ਲਈ ਰੋਜ਼ਾਨਾ 7 ਤੋਂ 10 ਕੁਇੰਟਲ ਦੇਸੀ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦਸਿਆ ਕਿ ਸੂਬੇ ਵਿਚ ਹਰ ਸਾਲ ਅਪ੍ਰੈਲ ਮਹੀਨੇ ਵਿਚ ਕਣਕ ਦੀ ਵਾਢੀ ਤੋਂ ਬਾਅਦ ਮਈ-ਜੂਨ ਵਿਚ ਸੰਗਤਾਂ ਵਲੋਂ ਲੰਗਰ ਹਾਲ ਲਈ ਕਣਕ ਦਾਨ ਕੀਤੀ ਜਾਂਦੀ ਹੈ ਜਿਸ ਵਿਚੋਂ ਹਰ ਸਾਲ ਕੁਲ 15 ਹਜ਼ਾਰ ਕੁਇੰਟਲ ਤੋਂ ਵੱਧ ਕਣਕ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਹਰ ਸਾਲ ਲੰਗਰ ਲਈ ਕਰੋੜਾਂ ਰੁਪਏ ਨਕਦ ਦਾਨ ਕਰਦੀਆਂ ਹਨ। ਸ਼੍ਰੋਮਣੀ ਕਮੇਟੀ ਲੰਗਰ ਦਾ ਰੋਜ਼ਾਨਾ 15-20 ਲੱਖ ਰੁਪਏ ਖ਼ਰਚ ਕਰਦੀ ਹੈ। ਉਨ੍ਹਾਂ ਦਸਿਆ ਕਿ ਇਕ ਦਿਨ ਵਿਚ ਲੰਗਰ ਚਲਾਉਣ ਦਾ ਖ਼ਰਚਾ 15 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤਕ ਹੈ। ਪੱਕੇ ਨੌਕਰਾਂ ਅਤੇ ਕਰਮਚਾਰੀਆਂ ਦੀ ਤਨਖ਼ਾਹ, ਬਿਜਲੀ, ਬਾਲਣ ਆਦਿ ਦੇ ਵਖਰੇ ਖ਼ਰਚੇ ਹਨ।