
ਕਿਹਾ, ਭਾਰਤ ਸਰਕਾਰ ਨੂੰ ਕੈਨੇਡਾ ਦੇ ਇਲਜ਼ਾਮਾਂ ’ਤੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ
ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਸਬੰਧੀ ਦਿਤੇ ਬਿਆਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਤੀਕਿਰਿਆ ਆਈ ਹੈ। ਇਕ ਵੀਡੀਉ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕੈਨੇਡਾ ਦੀ ਟਿੱਪਣੀ ’ਤੇ ਅਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਭਾਰਤ ਵਿਰੁਧ ਕੈਨੇਡਾ ਦੇ ਦੋਸ਼ਾਂ ਨੂੰ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਨੇ ‘ਚਿੰਤਾਜਨਕ’ ਕਰਾਰ ਦਿਤਾ
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੇ ਨੇ ਸੰਸਦ ਵਿਚ ਹਰਦੀਪ ਸਿਘ ਨਿੱਝਰ ਦੇ ਕਤਲ ਦਾ ਇਲਜ਼ਾਮ ਭਾਰਤੀ ਏਜੰਸੀਆਂ ’ਤੇ ਲਾਉਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਜਿਸ ਨੇ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿਤਾ ਹੈ ਅਤੇ ਸਿੱਖਾਂ ਨੂੰ ਫ਼ਿਰ ਤੋਂ ਸਾਕਾ ਨੀਲਾ ਤਾਰਾ, 1984 ਵਿਚ ਹੋਈ ਸਿੱਖ ਨਸਲਕੁਸ਼ੀ ਅਤੇ ਪੰਜਾਬ ਵਿਚ ਸਿੱਖ ਨੌਜਵਾਨਾਂ ਦੇ ਸ਼ਰੇਆਮ ਹੋਏ ਕਤਲੇਆਮ ਦੀ ਯਾਦ ਆਈ ਹੈ।
ਇਹ ਵੀ ਪੜ੍ਹੋ: ਮਹਿਲਾ ਰਾਖਵਾਂਕਰਨ ਬਿੱਲ ’ਤੇ ਬੋਲੇ ਹਰਸਿਮਰਤ ਕੌਰ ਬਾਦਲ, “ਮਰਦ-ਪ੍ਰਧਾਨ ਸੰਸਦ ਨੇ ਔਰਤਾਂ ਨੂੰ ਧੋਖਾ ਦਿਤਾ”
ਜਥੇਦਾਰ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਸਰਕਾਰ ਦੀਆਂ ਏਜੰਸੀਆਂ ਨਿੱਝਰ ਦੇ ਕਤਲ ਵਿਚ ਸ਼ਾਮਲ ਹਨ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾੜ ਹੀ ਖ਼ੇਤ ਨੂੰ ਖ਼ਾਣ ਲੱਗ ਜਾਵੇ ਤਾਂ ਖ਼ੇਤ ਦੀ ਰਾਖ਼ੀ ਕੌਣ ਕਰੇਗਾ?
ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ : ਭਾਰਤ ’ਤੇ ਲਾਏ ਕੈਨੇਡਾ ਦੇ ਦੋਸ਼ਾਂ ’ਤੇ ਸਹਿਯੋਗੀ ਦੇਸ਼ਾਂ ਦੀ ਵੱਖੋ-ਵੱਖ ਰਾਏ
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ’ਤੇ ਜੋ ਸ਼ਰੇਆਮ ਅਪਣੀ ਪਾਰਲੀਮੈਂਟ ਵਿਚ ਇਲਜ਼ਾਮ ਲਗਾਇਆ ਹੈ ਉਸ ਸੰਬੰਧੀ ਭਾਰਤ ਸਰਕਾਰ ਅਪਣੀ ਸਥਿਤੀ ਸਪਸ਼ਟ ਕਰੇ ਅਤੇ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖਾਂ ਦੀ ਰਾਖ਼ੀ ਯਕੀਨੀ ਬਣਾਈ ਜਾਵੇ ਕਿਉਂਕਿ ਲੱਖਾਂ ਦੀ ਗਿਣਤੀ ਵਿਚ ਸਿੱਖ ਭਾਈਚਾਰਾ ਵਿਦੇਸ਼ਾਂ ਵਿਚ ਵਸਿਆ ਹੋਇਆ ਹੈ, ਜਿਨ੍ਹਾਂ ਨੇ ਅਪਣੀ ਮਿਹਨਤ, ਇਮਾਨਦਾਰੀ ਅਤੇ ਮੁਸ਼ੱਕਤ ਨਾਲ ਅਪਣੇ ਆਪ ਨੂੰ ਉਥੇ ਸਥਾਪਤ ਕੀਤਾ ਅਤੇ ਵਿਦੇਸ਼ਾਂ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ। ਜਥੇਦਾਰ ਨੇ ਕਿਹਾ ਕਿ ਇਸ ਇਲਜ਼ਾਮ ਨਾਲ ਸਿੱਖਾਂ ਦੇ ਹਿਰਦਿਆਂ ’ਤੇ ਬਹੁਤ ਡੂੰਘੀ ਸੱਟ ਵੱਜੀ ਹੈ, ਭਾਰਤ ਸਰਕਾਰ ਨੂੰ ਇਸ ਅਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।