
ਕੈਨੇਡਾ ’ਚ ਪੁਲਿਸ ਅਫ਼ਸਰ ਬਣ ਕੇ ਰਮਨਦੀਪ ਕੌਰ ਗੋਸਲ ਨੇ ਚਮਕਾਇਆ ਲੁਧਿਆਣਾ ਦਾ ਨਾਮ
ਲੁਧਿਆਣਾ, 19 ਅਕਤੂਬਰ (ਵਰਿੰਦਰ ਮਹਿਤਾ) : ਜ਼ਿਲ੍ਹੇ ਦੇ ਹਲਕਾ ਦਾਖਾ ਅਧੀਨ ਪਿੰਡ ਮੋਰ ਕਰੀਮਾ ਦੀ ਰਮਨਦੀਪ ਕੌਰ ਨੇ ਕੈਨੇਡਾ ਦੀ ਐਲਬਰਟਾ ਸਟੇਟ ਵਿਚ ਪੁਲਿਸ ਅਫ਼ਸਰ ਬਣ ਕੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਰਮਨਦੀਪ ਕੌਰ ਦੇ ਪਿਤਾ ਏ.ਐਸ.ਆਈ. ਹਰੀ ਸਿੰਘ ਵੀ ਪੁਲਿਸ ਵਿਭਾਗ ਵਿਚ ਬਤੌਰ ਰੀਡਰ, ਡੀ.ਸੀ.ਪੀ. ਹੈੱਡ ਕੁਆਰਟਰ, ਲੁਧਿਆਣਾ ਵਿਖੇ ਅਪਣੀ ਸੇਵਾ ਨਿਭਾ ਰਹੇ ਹਨ।
ਮਾਤਾ ਬਲਪ੍ਰੀਤ ਕੌਰ ਤੇ ਪਿਤਾ ਏ.ਐਸ.ਆਈ. ਹਰੀ ਸਿੰਘ ਦੇ ਘਰ ਜੰਮੀ ਰਮਨਦੀਪ ਕੌਰ ਨੇ ਅਪਣੀ ਪੜ੍ਹਾਈ ਮੈਡੀਕਲ ਸਟ੍ਰੀਮ ਵਿਚ ਸੈਕਰਟ ਹਾਰਟ ਕਾਨਵੈਂਟ ਸਕੂਲ, ਜਗਰਾਉਂ ਤੋਂ ਪੂਰੀ ਕੀਤੀ, ਉਪਰੰਤ ਅਗਲੇਰੀ ਸਿਖਿਆ ਲਈ ਕੈਨੇਡਾ ਚਲੀ ਗਈ ਸੀ। ਉਥੇ ਰਮਨਦੀਪ ਕੌਰ ਨੇ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਪੀ.ਆਰ. ਲੈ ਲਈ ਅਤੇ ਉਥੋਂ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਹੁਣ ਐਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ਵਿਚ ਪੁਲਿਸ ਅਫ਼ਸਰ ਬਣ ਗਈ ਹੈ ਜੋ ਕਿ ਪੂਰੇ ਪਰਵਾਰ ਲਈ ਵੱਡੇ ਮਾਣ ਵਾਲੀ ਗੱਲ ਹੈ।
ਰਮਨਦੀਪ ਕੌਰ ਦੇ ਪਿਤਾ ਏ.ਐਸ.ਆਈ. ਹਰੀ ਸਿੰਘ ਨੇ ਦਸਿਆ ਕਿ ਉਸ ਦੀ ਧੀ ਬਚਪਨ ਤੋਂ ਹੀ ਉਨ੍ਹਾਂ ਨੂੰ ਵਰਦੀ ਵਿਚ ਵੇਖਦੀ ਆਈ ਹੈ ਜਿਸ ਕਰ ਕੇ ਪੁਲਿਸ ਦੀ ਯੂਨੀਫ਼ਾਰਮ ਨਾਲ ਛੋਟੀ ਉਮਰੇ ਹੀ ਲਗਾਅ ਪੈਦਾ ਹੋ ਗਿਆ ਸੀ। ਉਨ੍ਹਾਂ ਹਮੇਸ਼ਾ ਅਪਣੀ ਧੀ ਨੂੰ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਅਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ ਹੈ ਅਤੇ ਹੁਣ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਧੀ ਬਤੌਰ ਪੁਲਿਸ ਅਫ਼ਸਰ ਸਮੁੱਚੇ ਪੰਜਾਬੀਆਂ ਦਾ ਸਿਰ ਫ਼ਕਰ ਨਾਲ ਉੱਚਾ ਕਰੇਗੀ। ਅਪਣੀ ਉਪਲਭਦੀ ਦਾ ਸਿਹਰਾ ਅਪਣੇ ਮਾਪਿਆਂ ਅਤੇ ਅਧਿਆਪਕਾਂ ਸਿਰ ਬੰਨ੍ਹਦਿਆਂ ਰਮਨਦੀਪ ਕੌਰ ਨੇ ਕਿਹਾ ਕਿ ਮਾਪਿਆਂ ਦੀ ਚੰਗੀ ਸੇਧ ਸਦਕਾ ਹੀ ਉਹ ਇਸ ਸੁਪਨੇ ਨੂੰ ਸਾਕਾਰ ਕਰ ਸਕੀ ਹੈ। ਉਸ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਚੰਗੀ ਸਿਖਿਆ ਤੇ ਸੰਸਕਾਰ ਦਿਤੇ ਹਨ ਅਤੇ ਹਮੇਸ਼ਾ ਹੀ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ।