ਸਾਮਾਬੁੱੱਲਾ ਗੁਰਦੁਆਰਾ ਸਾਹਿਬ ਦੀ 100ਵੀਂ ਵਰ੍ਹੇਗੰਡ ਮੌਕੇ ਨਗਰ ਕੀਰਤਨ ਤੇ ਭਾਰੀ ਰੌਣਕਾਂ
100th Anniversary of Fiji Gurdwara: : ਪੰਜਾਬ ਤੋਂ ਲਗਭਗ 12000 ਕਿਲੋਮੀਟਰ ਦੂਰ ਸਮੁੰਦਰੀ ਟਾਪੂ ਫ਼ਿਜੀ ’ਚ ਜਦੋਂ ਪਹਿਲੀ ਵਾਰ 463 ਭਾਰਤੀਆਂ ਨੇ 15 ਮਈ 1879 ਨੂੰ ਲੀਓਨੀਦਾਸ ਸਮੁੰਦਰੀ ਜਹਾਜ਼ ਰਾਹੀਂ ਪੈਰ ਧਰਿਆ ਤਾਂ ਸੋਚ ਕੇ ਵੇਖੋ ਕਿ ਕਿਹੜੇ ਸੁਪਨੇ ਲੈ ਕੇ ਬੇਗ਼ਾਨੇ ਮੁਲਕ, ਬਿਨਾਂ ਕਿਸੇ ਰੈਣ ਬਸੇਰੇ ਦੇ ਪਹੁੰਚੇ ਹੋਣਗੇ। ਫਿਰ 11 ਨਵੰਬਰ 1916 ਤਕ ਇਹ ਵਰਤਾਰਾ ਸਮੁੰਦਰੀ ਜਹਾਜ਼ਾਂ ਰਾਹੀਂ ਚਲਿਆ, ਕਿਉਂਕਿ ਉਥੇ ਕਾਮੇ ਚਾਹੀਦੇ ਸਨ ਅਤੇ 60,000 ਤੋਂ ਵੱਧ ਭਾਰਤੀ ਲੋਕ ਫਿਰ ਸਮੁੰਦਰੀ ਰਸਤੇ ਪਹੁੰਚੇ। ਇਨ੍ਹਾਂ ਵਿਚ ਸਿੱਖਾਂ ਦੀ ਗਿਣਤੀ ਵੀ ਵੱਡੀ ਮਾਤਰਾ ਵਿਚ ਸ਼ਾਮਲ ਹੋ ਗਈ। ਅਖ਼ੀਰ ਵੇਲੇ ਤੱਕ ਸਮੁੰਦਰੀ ਜਹਾਜ਼ਾਂ ਦੇ ਨਾਂ ਵੀ ਫਾਜ਼ਿਲਕਾ, ਸਤਲੁਜ ਅਤੇ ਚਨਾਬ ਆਦਿ ਰੱਖ ਲਏ ਗਏ ਸਨ।
ਫ਼ਿਜੀ ਵਿਖੇ ਉਸ ਵੇਲੇ ਗਏ ਸਿੱਖਾਂ ਨੇ 1923 ਵਿਚ ਪਹਿਲਾ ਗੁਰਦੁਆਰਾ ਸਾਹਿਬ ਦੇਸ਼ ਦੀ ਰਾਜਧਾਨੀ ਸੁਵਾ ਵਿਖੇ ਸ਼ਹਿਰ ਸਾਮਾਬੁੱਲਾ ਦੀ ਇਕ ਟੀਸੀ ਉਤੇ ਸਥਾਪਤ ਕਰ ਲਿਆ ਸੀ। ਵਾਹ-ਵਾਹ! ਮੂੰਹੋਂ ਨਿਕਲਦਾ ਹੈ, ਇਨ੍ਹਾਂ ਸਿੱਖਾਂ ਲਈ। ਕੈਸੀ ਕਮਾਲ ਕੀਤੀ ਇਨ੍ਹਾਂ ਸਿੱਖਾਂ ਨੇ ਕਿ ਅਪਣੇ ਘਰ-ਦੁਆਰੇ ਛੱਡ ਕੇ ਫ਼ਿਜ਼ੀ ਗਏ ਅਤੇ ਉਥੇ ਜਾ ਕੇ ਨਿਸ਼ਾਨ ਸਾਹਿਬ ਝੁਲਾਅ ਦਿਤੇ, ਆਲੀਸ਼ਾਨ ਗੁਰਦੁਆਰੇ ਬਣਾ ਦਿਤੇ।
ਸੰਖੇਪ ਇਤਿਹਾਸ ਗੁਰਦੁਆਰਾ ਸਾਹਿਬ ਬਾਰੇ : ਗੁਰਦੁਆਰਾ ਸਾਹਿਬ ਦਾ ਮੁੱਢਲਾ ਰੂਪ ਗ੍ਰੀਕ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਸੀ ਅਤੇ ਇਹ ਲੱਕੜ ਦਾ ਸੀ। 1960 ਵਿਚ ਗੁਰਦੁਆਰਾ ਸਾਹਿਬ ਦਾ ਵਿਸਥਾਰ ਕੀਤਾ ਗਿਆ। ਲਗਭਗ 1200 ਪੌਂਡ ਦਾ ਖ਼ਰਚਾ ਹੋਇਆ। 1990 ਵਿਚ ਲੰਗਰ ਹਾਲ ਬਣਾਇਆ ਗਿਆ। 1947 ਵੇਲੇ ਇਥੇ ਦੇ ਸਿੱਖਾਂ ਨੇ ਭਾਰਤ ਦੇ ਸਿੱਖਾਂ ਦੀ ਮਦਦ ਵਾਸਤੇ ਮਾਇਕ ਸਹਾਇਤਾ ਵੀ ਭੇਜੀ। 1922 ਵਿਚ ਅਸਥਾਈ ਗੁਰਦੁਆਰਾ ਸਾਹਿਬ ਵਿਖੇ ਜਦੋਂ 500 ਭਾਰਤੀ ਸਮੁੰਦਰੀ ਜਹਾਜ਼ ਰਾਹੀਂ ਆਏ ਤਾਂ ਇਨ੍ਹਾਂ ਵਿਚ ਭਾਈ ਚੰਨਣ ਸਿੰਘ ਵੀ ਸਨ ਜੋ ਪਹਿਲੇ ਗ੍ਰੰਥੀ ਸਿੰਘ ਅਖਵਾਏ। ਸ. ਸੰਪੂਰਨ ਸਿੰਘ ਨਿੱਜਰ ਪਿੰਡ ਭਾਰਾਪੁਰ ਵਾਲੇ ਉਸ ਵੇਲੇ ਪ੍ਰਬੰਧਕ ਸਨ। 1990 ਵਿਚ ਰਸਮੀ ਤੌਰ ਉਤੇ ਫ਼ਿਜੀ ਸਿੱਖ ਐਸੋਸੀਏਸ਼ਨ ਬਣਾਈ ਗਈ।
ਗੁਰਦੁਆਰਾ ਸਾਹਿਬ ਸਾਮਾਬੁੱਲਾ ਦੀ 100ਵੀਂ ਵਰ੍ਹੇਗੰਢ (ਸ਼ਤਾਬਦੀ) ਸਮਾਗਮਾਂ ਦੀ ਸ਼ੁਰੂਆਤ ਮੌਕੇ ਬਹੁਤ ਹੀ ਸੁੰਦਰ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਹ ਸ਼ਤਾਬਦੀ ਸਮਾਗਮ 26 ਨਵੰਬਰ ਤਕ ਜਾਰੀ ਰਹਿਣੇ ਹਨ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੰਦੀਪ ਸਿੰਘ ਖਾਲਸਾ, ਸਾਥੀ ਭਾਈ ਗੋਬਿੰਦ ਸਿੰਘ ਅਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਬੀਤੇ 6 ਮਹੀਨਿਆਂ ਤੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਮਾਲ ਦੀਆਂ ਤਿਆਰੀਆਂ ਕੀਤੀਆਂ ਅਤੇ ਨਗਰ ਕੀਰਤਨ ਦੌਰਾਨ ਕੀਰਤਨ ਨਾਲ ਸੰਗਤ ਨੂੰ ਨਿਹਾਲ ਵੀ ਕੀਤਾ।
ਸੁੰਦਰ ਸੋਵੀਨਰ ਜਾਰੀ ਕੀਤੇ ਗਏ। ਪ੍ਰਧਾਨ ਬਲਬੀਰ ਸਿੰਘ ਖਾਨਪੁਰ ਅਤੇ ਉਪ ਪ੍ਰਧਾਨ ਅਜੇਸ਼ ਸਿੰਘ ਸੁੱਜੋਂ ਅਤੇ ਸਾਰੇ ਟ੍ਰਸਟੀ ਸ. ਬਲਬੀਰ ਸਿੰਘ ਰਟੈਂਡਾ, ਸ.ਬਲਦੇਵ ਸਿੰਘ ਖਾਨਪੁਰ, ਸੱਚਾ ਸਿੰਘ, ਬਲਜੀਤ ਸਿੰਘ ਹੇਅਰ ਅਤੇ ਚਰਨਜੀਥ ਸਿੰਘ ਗੋਸਲ (ਮੌਜੂਦਾ ਮੰਤਰੀ) 100 ਸਾਲਾ ਜਸ਼ਨਾਂ ਲਈ ਕਾਫੀ ਸਮੇਂ ਤੋਂ ਲੱਗੇ ਹੋਏ ਸਨ। ਪਿੰਡ ਰਟੈਂਡਾ (ਨਵਾਂਸ਼ਹਿਰ) ਨਾਲ ਸਬੰਧ ਰੱਖਦਾ ਇਕ ਪਰਿਵਾਰ ਦਾ 20 ਫ਼ਰਵਰੀ 1938 ਨੂੰ ਕਲਕੱਤਾ ਤੋਂ ‘ਗੇਂਜਸ’ ਨਾਂਅ ਦੇ ਸਮੁੰਦਰੀ ਜਹਾਜ਼ ਰਾਹੀਂ ਫ਼ਿਜੀ ਲਈ ਚੱਲਿਆ, ਤਿੰਨ ਦਿਨ ਦੇ ਸਫ਼ਰ ਬਾਅਦ ਉਨ੍ਹਾਂ ਦੇ ਬੇਟੇ ਜਗਿੰਦਰਾ ਸਿੰਘ ਦਾ ਜਨਮ ਸਮੁੰਦਰੀ ਜਹਾਜ਼ ਵਿਚ ਹੀ ਹੋਇਆ ਅਤੇ 16 ਮਾਰਚ 1938 ਨੂੰ ਇਹ ਸ਼ਿੱਪ ਕੰਢੇ ਲਗਿਆ। ਇਸ ਵੇਲੇ ਜਗਿੰਦਰਾ ਸਿੰਘ ਦੇ ਨਾਂ ਉਤੇ ਸਕੂਲ ਹੈ ਅਤੇ ਉਹ ਵੱਡੇ ਕਾਰੋਬਾਰ ਦਾ ਮਾਲਕ ਹੈ।
ਨਿਊਜ਼ੀਲੈਂਡ ਤੋਂ ਕੁਝ ਮਹੀਨੇ ਖੋਜ ਕਾਰਜਾਂ ਲਈ ਨਿਕਲੇ ਸ. ਰਘਬੀਰ ਸਿੰਘ ਸ਼ੇਰਗਿੱਲ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ੍ਰੀ ਅਰਵਿੰਦ ਕੁਮਾਰ, ਸ. ਹਰਜੋਤ ਸਿੰਘ ਅਤੇ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੂੰ ਉਨ੍ਹਾਂ ਬਹੁਤ ਸਾਰੇ ਪੁਰਾਣੇ ਪੰਜਾਬੀ ਪਰਵਾਰ ਮਿਲਾਏ, ਜੋ ਕਿ ਕਮਾਲ ਦਾ ਇਤਹਾਸ ਸਾਂਭੀ ਬੈਠੇ ਹਨ। ਇਥੇ ਸਥਾਪਤ ਮਾਇਆ ਹੋਟਲ ਵਾਲੇ ਸ. ਹਰਮਿੰਦਰ ਸਿੰਘ ਹੁਸ਼ਿਆਰਪੁਰ ਦੇ ਹਨ ਅਤੇ ਪੰਜਾਬੀਆਂ ਨੂੰ ਵੇਖ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ ਹੈ। ਇਸ ਵੇਲੇ ਵੱਡੀ ਬੱਸ ਕੰਪਨੀ (80 ਬੱਸਾਂ) ‘ਟੈਕੀਰੂਆ ਬੱਸ ਟ੍ਰਾਂਸਪੋਰਟ’ ਦੇ ਮਾਲਕ ਸਵ. ਦਲੀਪਾ ਮਹਾਜਨ (ਜਲੰਧਰ) 1914 ਦੇ ਵਿਚ ਫ਼ਿਜੀ ਪਹੁੰਚੇ ਸਨ। 1940 ਦੇ ਵਿਚ ਜੀਵਨ ਸਿੰਘ ਨਾਂ ਦੇ ਸਿੱਖ ਨੇ ਪੁਲਿਸ ਦੇ ਵਿਚ ਨੌਕਰੀ ਕਰ ਲਈ ਸੀ ਤੇ ਪੁਲਿਸ ਕੋਰਪੋਰਲ ਦੇ ਅਹੁਦੇ ਤਕ ਰਹੇ ਅਤੇ 2 ਡਾਲਰ ਨੋਟ ਉਤੇ ਫੋਟੋ ਛਪੀ। ਇਸ ਵੇਲੇ ਲਗਪਗ 1500 ਦੇ ਕਰੀਬ ਸਿੱਖ ਗੁਰ ਅਸਥਾਨਾਂ ਨਾਲ ਜੁੜੇ ਹੋਏ ਹਨ।
ਇਸ ਵੇਲੇ ਫ਼ਿਜੀ ਦੇ ਵਿਚ ਕੁੱਲ ਪੰਜ ਗੁਰਦੁਆਰਾ ਸਾਹਿਬ ਵੱਖ-ਵੱਖ ਸ਼ਹਿਰਾਂ (ਸਾਮਬੁੱਲਾ, ਤਾਗੀ-ਤਾਗੀ, ਲਾਉਟੋਕਾ, ਲਾਬਾਸਾ ਅਤੇ ਨਸੀਨੂ) ਹਨ। ਖ਼ਾਲਸਾ ਕਾਲਜ ਅਤੇ ਸਕੂਲਾਂ ਦੀ ਇਕ ਲੜੀ ਹੈ। ਜੋ 50 ਸਾਲਾ ਡਾਇਮੰਡ ਜੁਬਲੀ (1959 ਤੋਂ 2019) ਵੀ ਮਨਾ ਚੁੱਕੀ ਹੈ। ਅਗਲੇ ਇਕ ਹਫ਼ਤੇ ਤਕ ਫ਼ਿਜੀ ਵਿਖੇ ਸ਼ਤਾਬਦੀ ਸਮਾਗਮ ਚੱਲ ਰਹੇ ਹਨ।
(For more news apart from 100th Anniversary of Samabula Gurdwara Sahib in Fiji, stay tuned to Rozana Spokesman)