
ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ
ਕੋਟਕਪੂਰਾ : ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੇ 20ਵੇਂ ਦਿਨ ਜਥੇਦਾਰਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਤਿੱਖੀ ਸੁਰ ਵੇਖਣ ਨੂੰ ਮਿਲੀ। ਭਾਈ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲਾ ਨੇ ਦੋਸ਼ ਲਾਇਆ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਤਰ੍ਹਾਂ ਮੌਜੂਦਾ ਕੈਪਟਨ ਸਰਕਾਰ ਵੀ ਬੇਅਦਬੀ ਕਾਂਡ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਜਿਸ ਕਰ ਕੇ ਸੰਗਤ ਦੇ ਜ਼ਖ਼ਮਾਂ 'ਚ ਮੱਲ੍ਹਮ ਲਗਦੀ ਪ੍ਰਤੀਤ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਛੋਟੀ-ਛੋਟੀ ਗੱਲ 'ਤੇ ਪ੍ਰੈੱਸ ਕਾਨਫ਼ਰੰਸ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਉਨ੍ਹਾਂ ਦੀ ਕੈਬਨਿਟ ਦੇ ਕਿਸੇ ਮੰਤਰੀ ਨੇ ਪਿਛਲੇ 20 ਦਿਨਾਂ ਤੋਂ ਲੱਗੇ ਮੋਰਚੇ ਦੇ ਬਾਵਜੂਦ ਕੋਈ ਬਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਕੈਪਟਨ ਸਰਕਾਰ ਵੀ ਇਸ ਮਸਲੇ ਦੇ ਹੱਲ ਲਈ ਗੰਭੀਰ ਨਹੀਂ। ਉਨ੍ਹਾਂ ਦੁਹਰਾਇਆ ਕਿ ਬਰਗਾੜੀ ਧਰਨੇ 'ਤੇ ਬੈਠੇ ਪੰਥਕ ਆਗੂਆਂ 'ਚੋਂ ਕੋਈ ਵੀ ਚੰਡੀਗੜ੍ਹ ਜਾਂ ਕਿਸੇ ਹੋਰ ਥਾਂ ਨਹੀਂ ਜਾਵੇਗਾ ਬਲਕਿ ਗੱਲਬਾਤ ਸਿਰਫ਼ ਬਰਗਾੜੀ ਵਿਖੇ ਹੀ ਹੋਵੇਗੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜੇ ਐਸਆਈਟੀ ਦੇ ਇੰਚਾਰਜ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਟੀਮ
ਸਾਹਮਣੇ ਬੇਅਦਬੀ ਕਾਂਡ ਦਾ ਸੱਚ ਡੇਰਾ ਪ੍ਰੇਮੀਆਂ ਨੇ ਪ੍ਰਵਾਨ ਕਰ ਲਿਆ ਹੈ ਤਾਂ ਮੁੱਖ ਮੰਤਰੀ ਨੂੰ ਬਿਨਾਂ ਦੇਰੀ ਉਕਤ ਸੱਚਾਈ ਬਿਆਨ ਕਰ ਦੇਣੀ ਚਾਹੀਦੀ ਹੈ। ਜਥੇਦਾਰਾਂ ਨੇ ਕਿਹਾ ਕਿ ਪਿਛਲੇ ਸਾਲ 25 ਅਗੱਸਤ ਨੂੰ ਜਦ ਸੌਦਾ ਸਾਧ ਨੂੰ ਸੀਬੀਆਈ ਦੀ ਅਦਾਲਤ ਨੇ ਬਲਾਤਕਾਰੀ ਐਲਾਨ ਦਿਤਾ ਤਾਂ ਕੋਟਕਪੂਰੇ ਦੇ ਸਦਰ ਥਾਣੇ 'ਚ ਪਟਰੌਲ ਪੰਪ ਤੇ ਬਿਜਲੀ ਘਰ 'ਚ ਪਟਰੌਲ ਦੀਆਂ ਬੋਤਲਾਂ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੁੱਝ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ,
ਹੁਣ ਉਕਤ ਡੇਰਾ ਪ੍ਰੇਮੀਆਂ ਨੂੰ ਵੀ ਸ਼ਾਮਲ ਤਫ਼ਤੀਸ਼ ਕਰ ਕੇ ਬੇਅਦਬੀ ਕਾਂਡ ਦੀ ਅਸਲੀਅਤ ਤਕ ਪਹੁੰਚਿਆ ਜਾ ਸਕਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਪਾਲ ਸਿੰਘ ਹੇਰ, ਜਸਕਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਚਮਕੋਰ ਸਿੰਘ ਭਾਈਰੂਪਾ, ਬਾਬਾ ਅਵਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।