
10 ਮਾਰਚ 1664 ਨੂੰ ਹੁੰਦੈ ਸ਼ਹੀਦ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਗ਼ਲਤ ਤਰੀਕ ਨੂੰ ਮਨਾਉਂਦੀ ਹੈ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਬਾਰੇ ਤਾਂ ਸ਼੍ਰੋਮਣੀ ਕਮੇਟੀ ਨੂੰ ਪਤਾ ਹੀ ਨਹੀਂ। ਇਹ ਪ੍ਰਗਟਾਵਾ ਕਰਦਿਆਂ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਦੀ ਸੰਖੇਪ ਜੀਵਨੀ ਕਿਤਾਬਚਾ ਦੇ ਲੇਖਕ ਦਲੀਪ ਸਿੰਘ ਬਿੱਕਰ ਦਸਿਆ ਕਿ ਉਨ੍ਹਾਂ ਸ਼ਹੀਦ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਦੀਆਂ ਸਹੀ ਤਰੀਕਾਂ ਬਾਰੇ ਜੋ ਖੋਜ ਕਿਤਾਬ ਲਿਖੀ ਹੈ, ਉਸ ਵਿਚ ਭੱਟਾਂ ਦੀਆਂ ਬਹੀਆਂ ਦੇ ਹਵਾਲੇ ਅਤੇ ਹੋਰ ਤੱਥਾਂ ਦਾ ਜ਼ਿਕਰ ਹੈ।
SGPC
ਉਨ੍ਹਾਂ ਦਸਿਆ ਕਿ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ 24 ਜੂਨ 1734 ਨੂੰ ਹੈ ਜਦਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦਾ ਸ਼ਹੀਦੀ ਦਿਹਾੜਾ 9 ਜੁਲਾਈ ਨੂੰ ਮਨਾਉਂਦੀ ਹੈ। 10 ਮਾਰਚ 1664 ਨੂੰ ਸ਼ਹੀਦ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ ਹੈ ਜਿਸ ਬਾਰੇ ਸ਼੍ਰੋਮਣੀ ਕਮੇਟੀ ਕਿਤੇ ਵੀ ਜ਼ਿਕਰ ਨਹੀਂ ਕਰਦੀ। ਦਲੀਪ ਸਿੰਘ ਬਿੱਕਰ ਨੇ ਦਸਿਆ ਕਿ ਸ਼ਹੀਦ ਭਾਈ ਮਨੀ ਸਿੰਘ ਦੇ ਦਿਹਾੜੇ ਸਹੀ ਤਰੀਕਾਂ ਨੂੰ ਮਨਾਉਣ ਬਾਰੇ ਉਨ੍ਹਾਂ ਪੰਜੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਰਿਸਰਚ ਬੋਰਡ ਨੂੰ ਪਹਿਲਾਂ ਪੱਤਰ ਭੇਜੇ ਸਨ।
Bhai Mani Singh Ji
ਇਸ ਮਾਮਲੇ ਬਾਰੇ ਹੁਣ ਉਨ੍ਹਾਂ ਦਾ ਪੱਖ ਜਾਨਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੇ ਉਸ ਨੂੰ 24 ਜੂਨ ਨੂੰ ਅਕਾਲ ਤਖ਼ਤ 'ਤੇ ਬੁਲਾਇਆ ਹੈ। ਦਲੀਪ ਸਿੰਘ ਬਿੱਕਰ ਨੇ ਕਿਹਾ ਕਿ ਲਾਹੌਰ ਵਿਚ ਰੇਲਵੇ ਸਟੇਸ਼ਨ ਦੇ ਨੇੜੇ ਜਿਸ ਚੌਕ 'ਤੇ ਸ਼ਹੀਦ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ, ਉਸ ਥਾਂ 'ਤੇ ਸ਼ਹੀਦ ਭਾਈ ਮਨੀ ਸਿੰਘ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ ਜਿਸ ਬਾਰੇ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਅਤੇ ਪਾਕਿਸਤਾਨ ਸਰਕਾਰ ਨਾਲ ਸੰਪਰਕ ਬਣਾਇਆ ਜਾਵੇਗਾ।