
ਭਾਈ ਲੌਂਗੋਵਾਲ ਨੇ ਵੀ ਨਸਲੀ ਟਿਪਣੀ ਦੀ ਕੀਤੀ ਨਿੰਦਾ
ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਅੱਜ ਇਕ ਪਾਸੇ ਅਪਣੀ ਮਿਹਨਤ ਦੇ ਬਲਬੂਤੇ ਸੰਸਾਰ ਭਰ ਵਿਚ ਅਪਣੀ ਨਿਵੇਕਲੀ ਪਛਾਣ ਨਾਲ ਸਲਾਹਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਅਗਿਆਨਤਾ ਵੱਸ ਜਾਂ ਨਸਲੀ ਕੱਟੜਪੁਣੇ ਦੇ ਸ਼ਿਕਾਰ ਲੋਕ ਜਾਣ-ਬੁਝ ਕੇ ਸਿੱਖਾਂ ਦੀ ਦਸਤਾਰ ਬਾਰੇ ਗ਼ਲਤ ਟਿਪਣੀਆਂ ਕਰ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਦੁਨੀਆਂ ਦੇ ਕੋਨੇ-ਕੋਨੇ ਵਿਚ ਸਿੱਖਾਂ ਦੀ ਦਸਤਾਰ ਕਿਸੇ ਪਛਾਣ ਦੀ ਮੁਥਾਜ਼ ਨਹੀਂ ਹੈ।
Ravi Singh
ਸ. ਰਵੀ ਸਿੰਘ ਖ਼ਾਲਸਾ ਏਡ ਦੇ ਮੁੱਖ ਪ੍ਰਬੰਧਕ ਜੋ ਕਿ ਵਿਸ਼ਵ ਭਰ ਵਿਚ ਮਨੁੱਖਤਾ ਦੀ ਸੇਵਾ ਲਈ ਜਾਣੇ ਜਾਂਦੇ ਹਨ ਉਨ੍ਹਾਂ ਨੂੰ ਆਸਟਰੀਆ ਹਵਾਈ ਅੱਡੇ 'ਤੇ ਇਕ ਜਿੰਮੇਵਾਰ ਮਹਿਲਾ ਸੁਰੱਖਿਆ ਅਧਿਕਾਰੀ ਵਲੋਂ ਰੋਕ ਕੇ ਦਸਤਾਰ ਦੇ ਬਾਬਤ ਗ਼ਲਤ ਟਿਪਣੀ ਕਰਨਾ ਇਕ ਸੋਚੀ ਸਮਝੀ ਸਾਜ਼ਸ਼ ਦਾ ਹਿੱਸਾ ਹੀ ਹੋ ਸਕਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਸਲੀ ਟਿਪਣੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਰਵੀ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਏਡ ਵਲੋਂ ਬਿਨਾਂ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ।
Vienna International Airport
ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਆਸਟਰੀਆ 'ਚ ਵਾਪਰੀ ਇਹ ਘਟਨਾ ਕਾਰਨ ਸਿੱਖ ਹਿਰਦਿਆਂ ਵਿਚ ਰੋਸ ਹੈ ਅਤੇ ਅਜਿਹੀਆਂ ਟਿਪਣੀਆਂ ਵਿਦੇਸ਼ਾਂ ਵਿਚ ਵਸ ਰਹੇ ਸਿੱਖਾਂ ਵਿਚ ਚਿੰਤਾ ਪੈਦਾ ਕਰਦੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਬੰਧਤ ਦੇਸ਼ ਪਾਸ ਇਹ ਮਸਲਾ ਉਠਾਇਆ ਜਾਵੇ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਟਿਪਣੀ ਨਾ ਕਰ ਸਕੇ।