
ਪੀੜਤ ਸਿੱਘ ਨੇ ਕਰਵਾਇਆ ਮੁਕੱਦਮਾ ਦਰਜ
ਵੈਨਕੁਵਰ : ਬ੍ਰਿਟਿਸ਼ ਕੋਲੰਬੀਆ ਵਿਚ ਇਕ ਸਿੱਖ ਨੇ ਆਰਸੀਐਮਪੀ ਵਿਰੁਧ ਮੁਕੱਦਮਾ ਦਰਜ ਕਰਵਾਇਆ ਹੈ ਕਿ ਇਕ ਪੁਲਿਸ ਅਧਿਕਾਰੀ ਨੇ ਉਸ ਦੀ ਪੱਗ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੇ ਗਏ ਇਕ ਨੋਟਿਸ ਵਿਚ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ 30 ਜੂਨ 2017 ਦੀ ਦੁਪਹਿਰ ਨੂੰ ਉਹ ਜੇਲ ਦੇ ਬੁਕਿੰਗ ਖੇਤਰ ਵਿਚ ਸੀ। ਉਸ ਸਮੇਂ ਬੁਕਿੰਗ ਸੈਂਟਰ ਵਿਚ ਲਗਭਗ ਚਾਰ-ਪੰਜ ਪੁਲਿਸ ਅਧਿਕਾਰੀ ਸ਼ਾਮਲ ਸਨ ਅਤੇ ਉਹ ਇਕੱਲਾ ਕੈਦੀ ਸੀ।
Sikh
ਉਨ੍ਹਾਂ ਕਿਹਾ ਕਿ ਜਦੋਂ ਉਹ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਤਾਂ ਸਾਰਜੇਂਟ ਬ੍ਰਾਇਨ ਬਲੇਅਰ ਨਾਂ ਦਾ ਇਕ ਹੋਰ ਪੁਲਿਸ ਅਧਿਕਾਰੀ ਉਨ੍ਹਾਂ ਵਿਚ ਸ਼ਾਮਲ ਹੋ ਗਿਆ। ਬਾਅਦ ਵਿਚ ਉਸ ਨੇ ਕੰਵਲਜੀਤ ਸਿੰਘ ਦੀ ਪੱਗ ਉਤਾਰ ਦਿਤੀ ਅਤੇ ਉਸ ਦੀ ਪੱਗ ਨੂੰ ਬੁਕਿੰਗ ਡੇਸਕ 'ਤੇ ਰੱਖ ਦਿਤਾ। ਉਸ ਤੋਂ ਬਾਅਦ ਚਾਰ ਅਧਿਕਾਰੀਆਂ ਨੇ ਬਲੇਅਰ ਨਾਲ ਮਿਲ ਕੇ ਪੁਲਿਸ ਹਿਰਾਸਤ ਵਿਚ ਕੈਦੀ ਕੰਵਲਜੀਤ ਸਿੰਘ ਦੀ ਬਾਂਹ ਮਰੋੜੀ ਅਤੇ ਉਸ ਨੂੰ ਹਵਾਲਾਤ ਵਿਚ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਕੇਸਾਂ ਦੀ ਬੇਅਦਬੀ ਕੀਤੀ।
Turban
ਕੰਵਲਜੀਤ ਨੇ ਕਿਹਾ ਕਿ ਉਹ ਇਕ ਸਿੱਖ ਹੈ ਜੋ ਅਪਣੇ ਧਾਰਮਕ ਚਿੰਨ੍ਹ ਵਜੋਂ ਪੱਗ ਬੰਨਦੇ ਹਨ। ਉਨ੍ਹਾਂ ਕਿਹਾ ਕਿ ਪੱਗ ਸਿਰਫ਼ ਉਨ੍ਹਾਂ ਦਾ ਧਾਰਮਕ ਚਿੰਨ੍ਹ ਹੀ ਨਹੀਂ ਬਲਕਿ ਉਨ੍ਹਾਂ ਦੀ ਪਛਾਣ ਹੈ। ਬ੍ਰਾਇਨ ਬਲੇਅਰ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੰਵਲਜੀਤ ਸਿੰਘ ਦੇ ਵਕੀਲ ਡੇਵਿਡ ਹਨੀਮੈਨ ਨੇ ਕਿਹਾ ਕਿ ਕਿਸੇ ਵੀ ਕੈਦੀ ਨਾਲ ਇਸ ਤਰ੍ਹਾਂ ਦਾ ਵਤੀਰਾ ਕਰਨਾ ਇਤਰਾਜ਼ਯੋਗ ਹੈ। ਕੰਵਲਜੀਤ ਸਿੰਘ ਇਕ ਸੋਫ਼ਟਵੇਅਰ ਪ੍ਰੋਗਰਾਮਰ ਹਨ, ਜੋ ਮੌਜੂਦਾ ਸਮੇਂ ਵਿਚ ਐਬੋਟਸਫੋਰਡ ਵਿਖੇ ਰਹਿ ਰਹੇ ਹਨ। ਕੋਰਟ ਵਿਚ ਕਿਹਾ ਗਿਆ ਕਿ ਕੰਵਲਜੀਤ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਮੁਕੱਦਮੇ ਵਿਚ ਇਹ ਵੀ ਕਿਹਾ ਗਿਆ ਕਿ ਉਸ ਨਾਲ ਧਰਮ ਅਤੇ ਨਸਲ ਦੇ ਅਧਾਰ 'ਤੇ ਵਿਤਕਰਾ ਕੀਤਾ ਗਿਆ।