
ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਮੀਡੀਆ ’ਚ ਫੈਲੀਆਂ ਖ਼ਬਰਾਂ ਦਾ ਕੀਤਾ ਖੰਡਨ
Kartarpur Sahib News: ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਪਾਕਿਸਤਾਨ ਦੀ ਧਰਤੀ ਵਿਖੇ ਕਰਤਾਰਪੁਰ ਸਾਹਿਬ ਗੁਰਦਵਾਰਾ ਕੰਪਲੈਕਸ ਵਿਚ ਮੀਟ-ਸ਼ਰਾਬ ਦੀ ਹੋਈ ਪਾਰਟੀ ਅਤੇ ਹੈੱਡ ਗ੍ਰੰਥੀ ਦੀ ਹਾਜ਼ਰੀ ਵਿਚ ਅਫ਼ਸਰਾਂ ਵਲੋਂ ਡਾਂਸ ਕਰਨ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਖ਼ਬਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਮੰਤਰੀਆਂ, ਇਕ ਡਿਪਟੀ ਸਪੀਕਰ, ਸਮੁੱਚੀ ਅਫ਼ਸਰਸ਼ਾਹੀ ਅਤੇ 13 ਹੋਰ ਵਿਧਾਇਕਾਂ ਦੇ ਪ੍ਰਵਾਰਾਂ ਸਮੇਤ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਹਿਲਾਂ ਉੱਥੋਂ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਕਤ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਮਹਿਸੂਸ ਕੀਤਾ ਕਿ ਉਕਤ ਪਾਰਟੀ ਦਾ ਗੁਰਦਵਾਰਾ ਸਾਹਿਬ ਦੇ ਕੰਪਲੈਕਸ ਨਾਲ ਕੋਈ ਸਬੰਧ ਨਹੀਂ ਸੀ, ਜਦਕਿ ਉਹ ਪਾਰਟੀ ਗੁਰਦਵਾਰਾ ਸਾਹਿਬ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਹੋਈ ਸੀ।
ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਖ਼ਾਲਸਾ ਨੇ ਮੀਡੀਏ ਵਿਚ ਸੁਰਖੀਆਂ ਬਣੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਆਖਿਆ ਕਿ ਨਾ ਤਾਂ ਗੁਰਦਵਾਰੇ ਦੀ ਮਰਿਆਦਾ ਭੰਗ ਹੋਈ ਹੈ ਅਤੇ ਨਾ ਹੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਰਿਆਦਾ ਦੇ ਉਲਟ ਕੋਈ ਕਾਰਵਾਈ ਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ।
ਡਿਪਟੀ ਸਪੀਕਰ ਜੈ ਕਿ੍ਰਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀਆਂ ਚੇਤਨ ਸਿੰਘ ਜੋੜਾਮਾਜਰਾ ਅਤੇ ਲਾਲ ਚੰਦ ਕਟਾਰੂਚੱਕ ਸਮੇਤ ਹੋਰਨਾਂ ਵਿਧਾਇਕਾਂ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨਾਲ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਪੀਕਰ ਸੰਧਵਾਂ ਨੇ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਚੁਣੇ ਨੁਮਾਇੰਦਿਆਂ ਦੀ ਦਿਲੀ ਇੱਛਾ ਸੀ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ। ਉਨ੍ਹਾਂ ਦਸਿਆ ਕਿ ਪਾਰਟੀ ਦੇ 17 ਚੁਣੇ ਹੋਏ ਨੁਮਾਇੰਦਿਆਂ ਨੇ ਆਪੋ ਅਪਣੇ ਪ੍ਰਵਾਰਕ ਮੈਂਬਰਾਂ ਅਤੇ ਅਫ਼ਸਰਸ਼ਾਹੀ ਦੇ ਸਤਿਕਾਰਤ ਅਧਿਕਾਰੀਆਂ ਨਾਲ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਖ਼ਾਲਸਾ ਸਮੇਤ ਉੱਥੋਂ ਦੇ ਹੋਰ ਸੇਵਾਦਾਰਾਂ ਨੇ ਉਕਤ ਵਦ ਨੂੰ ਗੁਰਦਵਾਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ।