
ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਅਦਾ ਕਰਨੀ ਪਵੇਗੀ 1500 ਰੁਪਏ ਫ਼ੀਸ
Kartarpur Corridor fees: ਪਾਕਿਸਤਾਨ ਸਰਕਾਰ ਨੇ ਵਿੱਤੀ ਸੰਕਟ ਦਰਮਿਆਨ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਵਿਦੇਸ਼ੀ ਸ਼ਰਧਾਲੂਆਂ ’ਤੇ 5 ਡਾਲਰ ਦੀ ਵਾਧੂ ਫ਼ੀਸ ਲਗਾਈ ਹੈ। ਇਸ ਫ਼ੈਸਲੇ ’ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ ਹਨ, ਖ਼ਾਸ ਤੌਰ ’ਤੇ ਜਦੋਂ ਪਾਕਿਸਤਾਨ ਪਹਿਲਾਂ ਹੀ ਭਾਰਤੀ ਸ਼ਰਧਾਲੂਆਂ ਤੋਂ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ 10 ਡਾਲਰ ਫ਼ੀਸ ਵਸੂਲ ਰਿਹਾ ਹੈ।
ਖ਼ਬਰਾਂ ਅਨੁਸਾਰ ਆਰਥਿਕ ਚੁਣੌਤੀਆਂ ਦੇ ਜਵਾਬ ਵਿਚ ਪਾਕਿਸਤਾਨ ਨੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਨਵੀਂ ਫ਼ੀਸ ਲਗਾਉਣ ਦੀ ਯੋਜਨਾ ਪੇਸ਼ ਕੀਤੀ ਹੈ, ਜਿਸ ਨਾਲ ਸਿੱਖਾਂ ਦੀਆਂ ਚਿੰਤਾਵਾਂ ਵਧੀਆਂ ਹਨ। ਕਰਤਾਰਪੁਰ ਜਾਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਨੂੰ ਹੁਣ ਕਰਤਾਰਪੁਰ ਗੁਰਦੁਆਰੇ ਜਾਣ ਅਤੇ ਟਿਕਟ ਖ਼ਰੀਦਣ ਲਈ ਪੰਦਰਾਂ ਡਾਲਰ ਜਾਂ 1500 ਰੁਪਏ ਫ਼ੀਸ ਅਦਾ ਕਰਨੀ ਪਵੇਗੀ।
ਪਾਕਿਸਤਾਨ ਪਹਿਲਾਂ ਹੀ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਜਾਣ ਲਈ ਭਾਰਤੀ ਸ਼ਰਧਾਲੂਆਂ ਤੋਂ 10 ਡਾਲਰ ਵਸੂਲ ਰਿਹਾ ਹੈ। ਹਾਲਾਂਕਿ ਇਸ ਕਦਮ ਨੂੰ ਪਾਕਿਸਤਾਨ ’ਤੇ ਆਰਥਿਕ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਪਰ ਇਸ ਨਾਲ ਅਪਣੀਆਂ ਸਰਹੱਦਾਂ ਅੰਦਰ ਸਥਿਤ ਤੀਰਥ ਸਥਾਨਾਂ ਤਕ ਮੁਫ਼ਤ ਪਹੁੰਚ ਪ੍ਰਦਾਨ ਕਰਨ ਦੀ ਦੇਸ਼ ਦੀ ਵਚਨਬੱਧਤਾ ’ਤੇ ਪ੍ਰਭਾਵ ਨੂੰ ਲੈ ਕੇ ਸਵਾਲ ਖੜੇ ਹੋ ਗਏ ਹਨ।