
ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅਕਾਲ ਤਖ਼ਤ 'ਤੇ ਕੀਤੀ ਅਰਦਾਸ
ਅੰਮ੍ਰਿਤਸਰ : ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਗੁ. ਸ਼ਹੀਦੀ ਯਾਦਗਾਰ ਘੱਲੂਘਾਰਾ 1984 ਅਤੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁ. ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੰਜ ਪਿਆਰੇ ਸਾਹਿਬਾਨ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਵਾ ਕੇ ਖ਼ਾਲਿਸਤਾਨ ਦੀ ਜੰਗ-ਏ-ਅਜ਼ਾਦੀ ਦੇ ਸੰਘਰਸ਼ 'ਚ ਜੂਝ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸਿਰਲੱਥ ਯੋਧਿਆਂ, ਜਰਨੈਲਾਂ ਤੇ ਜੁਝਾਰੂ ਸਿੰਘਾਂ ਦੇ ਜੀਵਨ ਉਤੇ ਇਤਿਹਾਸਕ ਕਿਤਾਬ ਲਿਖਣ ਦਾ ਕਾਰਜ ਸ਼ੁਰੂ ਕਰ ਦਿਤਾ ਹੈ।
Bhai Ranjit Singh Damdami Taksal
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ, ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਸੰਘਰਸ਼ 'ਚ ਜੋ ਅਣਗਿਣਤ ਸਿੰਘ-ਸੂਰਮੇ ਹਿੰਦੁਸਤਾਨ ਦੀ ਹਕੂਮਤ ਨਾਲ ਹਥਿਆਰਬੰਦ ਟੱਕਰ ਲੈਂਦਿਆਂ ਅਪਣੀਆਂ ਜਾਨਾਂ ਧਰਮ, ਕੌਮ ਤੇ ਪੰਥ ਦੀ ਚੜ੍ਹਦੀ ਕਲਾ ਲਈ ਵਾਰ ਗਏ ਸਨ ਅੱਜ ਲੋੜ ਹੈ ਕਿ ਉਨ੍ਹਾਂ ਜੁਝਾਰੂ ਯੋਧਿਆਂ ਦੀਆਂ ਤਸਵੀਰਾਂ ਅਤੇ ਜੀਵਨ ਇਤਿਹਾਸ ਲਿਖਤੀ ਰੂਪ 'ਚ ਸਾਂਭਿਆ ਜਾਏ।
Bhai Ranjit Singh
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਅਪਣਾ ਖ਼ੂਨ ਡੋਲ੍ਹ ਕੇ ਸੁਨਹਿਰੀ ਇਤਿਹਾਸ ਸਿਰਜ ਜਾਂਦੇ ਹਨ ਤੇ ਅੱਗੋਂ ਉਸ ਦੇ ਵਾਰਸਾਂ ਦਾ ਫ਼ਰਜ਼ ਬਣਦਾ ਹੈ ਕਿ ਉਸ ਇਤਿਹਾਸ ਨੂੰ ਕਾਗ਼ਜ਼ ਦੀ ਹਿੱਕ ਉਤੇ ਉਕਰ ਕੇ ਕੌਮ ਦੇ ਸਨਮੁੱਖ ਪੇਸ਼ ਕੀਤਾ ਜਾਵੇ। ਬਹੁਤ ਜਲਦ 150-200 ਦੇ ਕਰੀਬ ਜੁਝਾਰੂਆਂ ਦੀਆਂ ਜੀਵਨੀਆਂ ਵਾਲੀ ਕਿਤਾਬ ਸੰਗਤਾਂ ਦੇ ਹੱਥਾਂ 'ਚ ਹੋਵੇਗੀ, ਗੁਰੂ ਸਾਹਿਬ ਇਸ ਕੌਮੀ ਕਾਰਜ 'ਚ ਸਫ਼ਲਤਾ ਬਖ਼ਸ਼ਣ।