
ਭਾਈ ਮਰਦਾਨਾ ਜੀ ਦੇ ਵਾਰਿਸਾਂ ਵੱਲੋਂ ਕੀਤਾ ਜਾਵੇਗਾ ਕੀਰਤਨ, ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ
* ਗੁਰਿੰਦਰਪਾਲ ਸਿੰਘ ਜੋਸਨ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ--* ਭਾਈ ਮਰਦਾਨਾ ਜੀ ਦੇ ਵਾਰਿਸਾਂ ਵੱਲੋਂ ਕੀਤਾ ਜਾਵੇਗਾ ਕੀਰਤਨ -- * ਰਾਏ ਬੁਲਾਰ ਤੇ ਸਾਈਂ ਮੀਆਂ ਮੀਰ ਜੀ ਦੇ ਵਾਰਿਸ ਵੀ ਹੋਣਗੇ ਸ਼ਾਮਲ
ਸ੍ਰੀ ਨਨਕਾਣਾ ਸਾਹਿਬ : ਰਬਾਬੀ ਭਾਈ ਮਰਦਾਨਾ ਜੀ ਫਾਊਂਡੇਸ਼ਨ ਵੱਲੋਂ 31 ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਾਮ 7 ਵਜੇ ਪਹਿਲਾ 'ਮਹਾਨ ਕੀਰਤਨ ਦਰਬਾਰ' ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵਿਚ ਪੰਜ ਕੀਰਤਨੀ ਜੱਥੇ ਰਸਭਿੰਨੇ ਕੀਰਤਨ ਜ਼ਰੀਏ ਅਪਣੀ ਹਾਜ਼ਰੀ ਲਵਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਪਹਿਲਾ ਜੱਥਾ ਭਾਈ ਨਈਮ ਲਾਲ ਜੀ (ਲਾਹੌਰ), ਦੂਜਾ ਜੱਥਾ ਭਾਈ ਅਰਸ਼ਿਤ ਸਿੰਘ (ਕਵੇਟਾ), ਤੀਜਾ ਜੱਥਾ ਭਾਈ ਅਜੈ ਸਿੰਘ (ਸਿੰਧ), ਚੌਥਾ ਜੱਥਾ ਭਾਈ ਮਨਿੰਦਰ ਸਿੰਘ (ਸ੍ਰੀ ਨਨਕਾਣਾ ਸਾਹਿਬ) ਅਤੇ ਪੰਜਵਾਂ ਜੱਥਾ ਮਨਦੀਪ ਸਿੰਘ (ਸ੍ਰੀ ਨਨਕਾਣਾ ਸਾਹਿਬ) ਦਾ ਹੋਵੇਗਾ।
gurdwara sri nankana sahib
ਇਸ ਦੌਰਾਨ ਫ਼ਾਊਂਡੇਸ਼ਨ ਦੇ ਚੇਅਰਮੈਨ ਡਾ. ਐਸ.ਪੀ. ਸਿੰਘ ਓਬਰਾਏ 10 ਮੈਂਬਰੀ ਜੱਥੇ ਨਾਲ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨਗੇ। ਜਾਣਕਾਰੀ ਅਨੁਸਾਰ ਇਸ ਕੀਰਤਨ ਦਰਬਾਰ 'ਤੇ ਲਗਭਗ 3 ਲੱਖ ਰੁਪਏ ਦੇ ਕਰੀਬ ਖ਼ਰਚਾ ਹੋਵੇਗਾ, ਜਿਸ ਵਿਚੋਂ 2 ਤੋਂ ਢਾਈ ਲੱਖ ਰੁਪਏ ਦੇ ਕਰੀਬ ਫ਼ਾਊਂਡੇਸ਼ਨ ਦੇ ਪ੍ਰਧਾਨ ਸ. ਗੁਰਿੰਦਰਪਾਲ ਸਿੰਘ ਜੋਸਨ ਅਪਣੀ ਜੇਬ ਵਿਚੋਂ ਖ਼ਰਚ ਕਰ ਰਹੇ ਹਨ। ਇਸ ਵਿਚੋਂ 1 ਲੱਖ ਰੁਪਏ ਸ. ਜੋਸਨ ਵੱਲੋਂ ਭੇਜ ਦਿੱਤੇ ਗਏ ਹਨ ਅਤੇ ਬਾਕੀ ਦੀ ਰਕਮ ਵੀ ਉਨ੍ਹਾਂ ਵੱਲੋਂ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਉਪ ਪ੍ਰਧਾਨ ਸੁੱਚਾ ਸਿੰਘ ਵੱਲੋਂ ਵੀ ਦੇਣ ਦਾ ਵਾਅਦਾ ਕੀਤਾ ਗਿਆ ਹੈ।
gurinderpal singh josan
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮਹਾਨ ਕੀਰਤਨ ਦਰਬਾਰ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਮੌਕੇ ਹੋਰਨਾਂ ਮਸ਼ਹੂਰ ਕੀਰਤਨੀਆਂ ਦੇ ਨਾਲ-ਨਾਲ ਭਾਈ ਮਰਦਾਨਾ ਜੀ ਦੀ 18ਵੀਂ ਅਤੇ 19ਵੀਂ ਕੁਲ ਦੇ ਵਾਰਿਸ ਭਾਈ ਨਈਮ ਲਾਲ ਜੀ ਦਾ ਜਥਾ ਸੰਗਤਾਂ ਨੂੰ ਅਪਣੇ ਕੀਰਤਨ ਰਾਹੀਂ ਨਿਹਾਲ ਕਰੇਗਾ।
poster
ਇਸ ਤੋਂ ਇਲਾਵਾ ਰਾਏ ਬੁਲਾਰ ਜੀ ਦੀ 19ਵੀਂ ਕੁਲ ਦੇ ਵਾਰਿਸ ਅਤੇ ਸਾਈਂ ਮੀਆਂ ਮੀਰ ਦੀ 19ਵੀਂ ਕੁਲ ਦੇ ਵਾਰਿਸ ਸਾਈਂ ਅਲੀ ਰਜ਼ਾ ਵੀ ਸ਼ਾਮਲ ਹੋਣਗੇ, ਜਿਨ੍ਹਾਂ ਦਾ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਇਸ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।