
ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਉੱਪਰ ਕਰ ਰਹੀ ਹੈ ਨਾਗਪੁਰ ਦਾ ਏਜੰਡਾ ਲਾਗੂ
ਕੋਟਕਪੂਰਾ : ਬੀਤੇ ਦਿਨ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਦਿੱਲੀ ਦੇ 'ਤੁਗਲਕਾਬਾਦ' ਵਿਚ ਲੱਗਭਗ 500 ਸਾਲ ਪੁਰਾਣਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਦੀਆਂ ਖਬਰਾਂ ਨੇ ਜਿਥੇ ਦਲਿਤ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਉੱਥੇ ਸਿੱਖ ਭਾਈਚਾਰੇ ਵਿਚ ਵੀ ਇਸਦਾ ਵੱਡਾ ਰੋਸ ਪਾਇਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਘਟੀਆ ਕਾਰਵਾਈ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ ਈਮੇਲ ਰਾਂਹੀ ਭੇਜੇ ਪ੍ਰੈਸ ਨੋਟ 'ਚ ਕਮੇਟੀ ਦੇ ਅਹੁਦੇਦਾਰਾਂ ਹਿੰੰਮਤ ਸਿੰਘ ਨਿਊਯਾਰਕ (ਕੋਆਰਡੀਨੇਟਰ), ਕੇਵਲ ਸਿੰਘ ਸਿੱਧੂ ਪੈਨਸਿਲਵੇਨੀਆਂ (ਖਜਾਨਚੀ), ਹਰਜਿੰਦਰ ਸਿੰਘ ਨਿਊਜਰਸੀ (ਮੀਡੀਆ ਸਪੋਕਸਪਰਸਨ), ਵੀਰ ਸਿੰਘ ਮਾਂਗਟ (ਮੈਂਬਰ), ਦਵਿੰਦਰ ਸਿੰਘ ਦਿਓ ਵਰਜ਼ੀਨੀਆਂ (ਮੈਂਬਰ) ਨੇ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਜਿਸ ਕਾਰਨ ਹਰ ਸਿੱਖ ਉਨ੍ਹਾਂ ਦੀ ਬਾਣੀ ਨਾਲ ਜੁੜਿਆ ਹੋਇਆ ਹੈ।
Ravidas temple
ਇਸ ਲਈ ਜੇਕਰ ਭਗਤ ਰਵਿਦਾਸ ਜੀ ਦੀ ਕਿਸੇ ਵੀ ਯਾਦਗਾਰ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਸਿੱਖ ਭਾਈਚਾਰੇ ਨੂੰ ਦੁੱਖ ਪਹੁੰਚਣਾ ਸੁਭਾਵਿਕ ਹੀ ਹੈ। ਆਗਅਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਕਾਰਵਾਈ ਨੂੰ ਨਹੀਂ ਰੋਕਦੀ ਤਾਂ ਇਸ ਨਾਲ ਸਮੁੱਚੇ ਦੇਸ਼ ਵਿਚ ਹਾਲਾਤ ਖਰਾਬ ਹੋ ਸਕਦੇ ਹਨ, ਇਸ ਲਈ ਇਸ ਸਬੰਧੀ ਜਲਦ ਤੋਂ ਜਲਦ ਰੋਕ ਲਾਈ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਰਐੱਸਐੱਸ ਦੇ ਇਸ਼ਾਰਿਆਂ 'ਤੇ ਚੱਲ ਕੇ ਸਮੁੱਚੇ ਭਾਰਤ ਵਿਚ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ, ਜਦਕਿ ਭਾਰਤ ਵਿਚ ਬਹੁਤ ਸਾਰੇ ਧਰਮਾਂ ਦੇ ਲੋਕ ਵਸਦੇ ਹਨ, ਜਿਨ੍ਹਾਂ ਨੂੰ ਅਜ਼ਾਦੀ ਨਾਲ ਜ਼ਿੰਦਗੀ ਜਿਉਣ ਦਾ ਹੱਕ ਮਿਲਣਾ ਚਾਹੀਦਾ ਹੈ।