ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੀਬੀਆਈ ਨੂੰ ਚਿੱਠੀ ਲਿੱਖ ਕੇ ਸਮਾਂ ਮੰਗਿਆ ਹੈ।
ਨਵੀਂ ਦਿੱਲੀ : ਸੁਲਤਾਨਪੁਰੀ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਕਤਲ ਦੇ ਦੋਸਾਂ ਤੋਂ ਅਦਾਲਤ ਵਲੋਂ ਬਰੀ ਕਰ ਦੇਣ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਨੇ ਕਿਹਾ, “ਇਸ ਫ਼ੈਸਲੇ ਵਿਚ ਨਿਆਂਪਾਲਿਕਾ ਨੇ ਪੱਖਪਾਤ ਕੀਤਾ ਹੈ। ਕੋਰਟ ਦੇ ਫ਼ੈਸਲੇ ਨਾਲ ਨਮੋਸ਼ੀ ਹੋਈ ਹੈ।”
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕਾ ਨੇ ਕਿਹਾ, ਇਹ ਕੇਸ ਸੀਬੀਆਈ ਲੜ ਰਹੀ ਹੈ ਪਰ ਦਿੱਲੀ ਕਮੇਟੀ ਗਵਾਹਾਂ ਦੀ ਸੁਰੱਖਿਆ ਤੇ ਹੋਰ ਲੋੜਾਂ ਦਾ ਜ਼ਿੰਮਾ ਵੇਖ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੀਬੀਆਈ ਨੂੰ ਚਿੱਠੀ ਲਿੱਖ ਕੇ ਸਮਾਂ ਮੰਗਿਆ ਹੈ। ਹਾਈਕੋਰਟ ਵਿਚ ਵੀ ਅਪੀਲ ਪਾਵਾਂਗੇ।
ਜਨਰਲ ਸਕੱਤਰ ਸ.ਜਗਦੀਪ ਸਿੰਘ ਕਾਹਲੋਂ ਨੇ ਕਿਹਾ, “ਕਮੇਟੀ ਨੇ ਬੜੀ ਬਾਰੀਕੀ ਨਾਲ ਇਹ ਕੇਸ ਲੜਿਆ ਹੈ। ਦਿੱਲੀ ਕਮੇਟੀ ਗਵਾਹਾਂ ਪਿਛੇ ਮਜ਼ਬੂਤੀ ਨਾਲ ਖੜੀ ਰਹੀ ਹੈ। ਚਸ਼ਮਦੀਦ ਜੋਗਿੰਦਰ ਸਿੰਘ ਨੇ ਨਿਡਰ ਹੋ ਕੇ ਗਵਾਹੀ ਦਿਤੀ। ਕਮੇਟੀ ਨੇ ਨਾਮੀ ਵਕੀਲ ਮਨਿੰਦਰ ਸਿੰਘ ਨੂੰ ਇਹ ਕੇਸ ਦਿਤਾ ਸੀ ਪਰ ਜੁਡੀਸ਼ਰੀ ਨੇ ਸਿੱਖਾਂ ਨਾਲ ਨਿਆਂ ਨਹੀਂ ਕੀਤਾ।”