
ਨਾਢਾ ਸਾਹਿਬ ਵਿਖੇ ਹੋਏ ਪੰਥਕ ਇਕੱਠ ਨੇ ਮਤਾ ਪਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਮਰਹੂਮ ਬਾਦਲ ਨੂੰ ਦਿਤਾ ਖ਼ਿਤਾਬ ਵਾਪਸ ਲੈਣ ਦੀ ਮੰਗ ਕੀਤੀ
ਅਪਣੀਆਂ ਸਰਕਾਰਾਂ ਸਮੇ ਜਾਂਚ ਰਿਪੋਰਟ ’ਤੇ ਕਾਰਵਾਈ ਨਾ ਕਰਨ ਦੇ ਦੋਸ਼ਾਂ ’ਚ ਸੁਖਬੀਰ ਬਾਦਲ ਤੇੇ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦਾ ਮਤਾ ਵੀ ਪਾਸ ਕੀਤਾ
ਚੰਡੀਗੜ੍ਹ- ਹਰਿਆਣਾ ਅਤੇ ਦਿੱਲੀ ਦੀਆਂ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀਆਂ ਵਲੋਂ 31 ਸਾਲ ਪਹਿਲਾਂ ਝੂਠੇ ਪੁਲਿਸ ਹਿਰਾਸਤ ’ਚ ਕੋਹ ਕੋਹ ਕੇ ਮਾਰੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸਾਂਝੇ ਤੌਰ ਤੇ ‘ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਅੱਜ ਨਾਢਾ ਸਾਹਿਬ ਵਿਖੇ ਕਰਵਾਏ ਵਿਸ਼ਾਲ ਸਮਾਗਮ ’ਚ ਪ੍ਰਦਾਨ ਕੀਤਾ ਗਿਆ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸਮੁੱਚੇ ਖ਼ਾਲਸਾ ਪੰਥ ਵਲੋਂ ਫ਼ਖ਼ਰ ਏ ਕੌਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ।ਇਹ ਫ਼ਖ਼ਰ ਏ ਕੌਮ ਦਾ ਐਵਾਰਡ ਜਥੇਦਾਰ ਕਾਉਂਕੇ ਦੇ ਬੇਟੇ ਭਾਈ ਹਰੀ ਸਿੰਘ ਨੂੰ ਦੇ ਕੇ ਸਨਮਾਨਤ ਕੀਤਾ ਗਿਆ।
ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ, ਨਾਢਾ ਸਾਹਿਬ ਵਿਖੇ ਜਥੇਦਾਰ ਕਾਉਂਕੇ ਦੀ ਯਾਦ ਵਿਚ ਅੱਜ ਸ਼ਹੀਦੀ ਸਮਾਗਮ ਆਯੋਜਤ ਕੀਤਾ ਗਿਆ, ਜਿਥੇ ਜਥੇਦਾਰ ਦੇ ਵੱਡੇ ਸਪੁੱਤਰ ਹਰੀ ਸਿੰਘ ਨੇ ਹਰਿਆਣਾ-ਦਿੱਲੀ ਕਮੇਟੀਆਂ ਦੇ ਲੀਡਰਾਂ ਅਤੇ ਹੋਰ ਪਤਵੰਤੇ ਸਿੱਖਾਂ ਵਲੋਂ ਅਪਣੇ ਪਿਤਾ ਨੂੰ ਦਿਤੇ ‘ਫ਼ਖ਼ਰ-ਏ-ਕੌਮ’ ਸਨਮਾਨ ਨੂੰ ਜੈਕਾਰਿਆਂ ਦੀ ਗੂੰਜ ਵਿਚ ਸਵੀਕਾਰ ਕੀਤਾ।
ਸਿੱਖ ਨੁਮਾਇੰਦਿਆਂ ਦੇ ਇਕੱਠ ਵਿਚ ਇਕ ਮਤਾ ਪਾਸ ਹੋਇਆ ਕਿ ਸਾਰੀਆਂ ਸਿੱਖ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਲਿਖਤੀ ਅਪੀਲ ਕਰਨ ਕਿ ਵੱਡੇ ਬਾਦਲ ਨੂੰ ਦਿਤਾ ‘ਫ਼ਖ਼ਰ-ਏ-ਕੌਮ’ ਖ਼ਿਤਾਬ ਵਾਪਸ ਲਿਆ ਜਾਵੇ। ਇਸ ਸਮਾਗਮ ਵਿਚ ਸਰਬਸੰਮਤੀ ਨਾਲ ਇਹ ਮਤਾ ਵੀ ਪਾਸ ਹੋਇਆ ਕਿ ਮਰਹੂਮ ਬਾਦਲ ਨੇ ਮੁੱਖ ਮੰਤਰੀ ਦੀ ਹੈਸੀਅਤ ਵਿਚ ਜਥੇਦਾਰ ਕਾਉਂਕੇ ਨੂੰ ਪੁਲਿਸ ਹੱਥੋਂ 1993 ਵਿਚ ਮਾਰੇ ਜਾਣ ਦੀ ਉੱਚ ਪੱਧਰ ਸਰਕਾਰੀ ਜਾਂਚ ਤਾਂ ਕਰਵਾਈ, ਪਰ ਸੀਨੀਅਰ ਪੁਲਿਸ ਅਫ਼ਸਰ ਬੀ.ਪੀ. ਤਿਵਾੜੀ ਵਲੋਂ 1999 ਵਿਚ ਪੇਸ਼ ਕੀਤੀ ਜਾਂਚ ਰੀਪੋਰਟ ਨੂੰ ਦਬਾ ਕੇ ਹੀ ਰੱਖ ਲਿਆ। ਉਸ ਤੋਂ ਬਾਅਦ ਦੋ ਵਾਰ ਬਾਦਲ ਸਰਕਾਰਾਂ 2007 ਤੋਂ 2012 ਅਤੇ 2012 ਤੋਂ 2017 ਦੌਰਾਨ ਵੀ ਤਿਵਾੜੀ ਜਾਂਚ ਰੀਪੋਰਟ ਦਬਾਈ ਹੀ ਰੱਖੀ। ਇਸ ਕਰ ਕੇ, ਬਾਦਲ ਸਿੱਖ ਕੌਮ ਦਾ ਸਿਰਮੌਰ ਸਨਮਾਨ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੈ।
ਸਮਾਗਮ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਬਰਾਬਰ ਦੇ ਦੋਸ਼ੀ ਵਜੋਂ ਪੇਸ਼ ਕੀਤਾ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੋਨਾਂ ਲੀਡਰਾਂ ਨੂੰ ਅਕਾਲ ਤਖ਼ਤ ਉੱਤੇ ਤਲਬ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਦੋਸ਼ੀ ਗਰਦਾਨਿਆ ਜਾਵੇ ਅਤੇ ਬਣਦੀ ਧਾਰਮਕ ਸਜ਼ਾ ਦਿਤੀ ਜਾਵੇ।
ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਚ ਹੋਏ ਭਾਈ ਕਾਉਂਕੇ ਦੇ ਸ਼ਹੀਦੀ ਸਮਾਗਮ ’ਚ ਸ਼ਾਮਲ ਪੰਥਕ ਸ਼ਖਸੀਅਤਾਂ ’ਚ ਦਿਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸੰਯੁਕਤ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ,ਭਾਈ ਮੋਹਕਮ ਸਿੰਘ, ਭੁਪਿੰਦਰ ਸਿੰਘ ਭੁੱਲਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ ਅਕਾਲੀ ਦਲ (1920 ) ਵਲੋਂ ਤਜਿੰਦਰ ਸਿੰਘ ਪੰਨੂ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਪੰਜਾਬ ਗੁਰਦੀਪ ਸਿੰਘ ਬਠਿੰਡਾ
ਬਲਵਿੰਦਰ ਸਿੰਘ, ਸਰਬਜੀਤ ਸਿੰਘ ਜੰਮੂ, ਦਿੱਲੀ ਕਮੇਟੀ ਸਤਨਾਮ ਸਿੰਘ ਮਨਾਵਾਂ ਸਰਬਜੀਤ ਸਿੰਘ ਸੋਹਲ, ਬਲਵੰਤ ਸਿੰਘ ਗੁਪਾਲਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਸਵਰਨਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਭਾਈ ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਦੀਦਾਰ ਸਿੰਘ ਨਲਵੀ, ਸੁਦਰਸਨ ਸਿੰਘ ਸਹਿਗਲ ਅੰਬਾਲਾ ਮੈਂਬਰ ਹਰਿਆਣਾ ਕਮੇਟੀ ,ਪਰਮਜੀਤ ਸਿੰਘ ਸਹੌਲੀ ਤੇ ਗੁਰਨਾਮ ਸਿੰਘ ਸਿੱਧੂ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋਫ਼ੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਦੇ ਨਾਂ ਵਰਨਣਯੋਗ ਹਨ।