
ਕੇਂਦਰ ਅਤੇ ਰਾਜ ਸਰਕਾਰਾਂ ਘੱਟ ਗਿਣਤੀ ਭਾਈਚਾਰਿਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਵੇ: ਬਾਬਾ ਹਰਨਾਮ ਸਿੰਘ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਦੰਗਾਕਾਰੀਆਂ ਵਲੋਂ ਗੁਰਦਵਾਰਾ ਸਾਹਿਬ 'ਤੇ ਹਮਲਾ ਕਰਦਿਆਂ ਨਿਰਦੋਸ਼ ਸਿੰਘ ਨੂੰ ਜਾਨੋਂ ਮਾਰਨ ਤੇ ਦਰਜਨਾਂ ਨੂੰ ਸਖ਼ਤ ਜ਼ਖ਼ਮੀ ਕਰਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਲੋਂ 'ਵਰਸਿਟੀ ਐਨਥਮ (ਧੁੰਨ) 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ 'ਦੇਹਿ ਸ਼ਿਵਾ ਬਰ ਮੋਹਿ' ਦੀ ਪ੍ਰੰਪਰਾਗਤ ਧੁੰਨ ਦੀ ਥਾਂ ਇਕ ਕਵੀ ਦੀ ਕਵਿ ਰਚਨਾ ਲਾਗੂ ਕਰਨ ਦੇ ਯੂਨੀਵਰਸਟੀ ਦੇ ਫ਼ੈਸਲੇ ਦੀ ਭਰਪੂਰ ਨਿਖੇਧੀ ਕੀਤੀ ਜਾ ਰਹੀ ਹੈ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਉਕਤ ਦੋਹਾਂ ਮਾਮਲਿਆਂ ਨੂੰ ਲੈ ਕੇ ਸਿੱਖ ਜਗਤ ਵਿਚ ਭਾਰੀ ਰੋਸ ਹੈ। ਉਨ੍ਹਾਂ ਉਕਤ ਯੂਨੀਵਰਸਟੀ ਦੇ ਪ੍ਰਬੰਧਕਾਂ ਦੇ ਉਕਤ ਕਦਮ ਪ੍ਰਤੀ ਸਖ਼ਤ ਤਾੜਨਾ ਕਰਦਿਆਂ ਅਪਣੇ ਫ਼ੈਸਲੇ ਤੁਰਤ ਬਦਲਣ ਅਤੇ ਐਨਥਮ ਲਈ ਗੁਰੂ ਸਾਹਿਬ ਦਾ ਸ਼ਬਦ ਬਰਕਰਾਰ ਰਖਣ ਜਾਂ ਫਿਰ ਸਿੱਖ ਸੰਗਤਾਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਵਲੋਂ ਗੁਰੂ ਸਾਹਿਬ ਦੇ ਸ਼ਬਦ ਦੀ ਥਾਂ ਕਿਸੇ ਵੀ ਕਵੀ ਦੀ ਰਚਨਾ ਨੂੰ ਨਹੀਂ ਦਿਤਾ ਜਾ ਸਕਦਾ। ਅਜਿਹਾ ਵਰਤਾਰਾ ਗੁਰੂ ਸਾਹਿਬ ਦੇ ਸ਼ਬਦ ਦੀ ਨਿਰਾਦਰ ਦੇ ਤੁਲ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸੇ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਹਰਿਆਣਾ ਦੇ ਪਿੰਡ ਬਦਸੂਈ ਵਿਖੇ ਗੁਰਦਵਾਰਾ ਸਾਹਿਬ 'ਤੇ ਹਮਲਾ ਕਰਨ ਵਾਲੇ ਦੰਗਾਕਾਰੀਆਂ ਵਿਰੁਧ ਸਖ਼ਤ ਕਦਮ ਚੁਕਣ, ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਤੁਰਤ ਚੁਕਣ ਦੀ ਮੰਗ ਕੀਤੀ ਹੈ।