
ਦੋਹਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮਾਮਲੇ ਵਿਚ ਦਖ਼ਲ ਨਹੀਂ ਦਿਤਾ
ਸ੍ਰੀ ਅਨੰਦਪੁਰ ਸਾਹਿਬ, 24 ਅਪ੍ਰੈਲ (ਸੁਖਵਿੰਦਰਪਾਲ ਸਿੰਘ ਸੁੱਖੂ): ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹੋਣ ਦੇ ਨਾਤੇ ਭਾਵੇਂ ਕਦੇ ਕੋਈ ਸਲਾਹ ਹੋ ਜਾਵੇ ਪਰ ਦੋਹਾਂ ਬਾਦਲਾਂ ਨੇ ਪ੍ਰਬੰਧ ਦੇ ਮਾਮਲੇ ਵਿਚ ਕਦੇ ਕੋਈ ਦਖ਼ਲ ਨਹੀਂ ਦਿਤਾ। ਵਿਸਾਖੀ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਜਾਂ ਇਸਲਾਮ ਕਬੂਲ ਕਰਨ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਸ਼ਰਧਾਲੂਆਂ ਦੀ ਜਿਹੜੀ ਸੂਚੀ ਤਿਆਰ ਹੁੰਦੀ ਹੈ, ਉਹ ਸਰਕਾਰ ਨੂੰ ਭੇਜੀ ਜਾਦੀ ਹੈ ਅਤੇ ਇਹ ਸਰਕਾਰ ਅਤੇ ਖੁਫ਼ੀਆ ਏਜੰਸੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਹਰ ਸ਼ਰਧਾਲੂ ਦੀ ਜਾਂਚ ਕਰੇ। ਇਸ ਲਈ ਸ਼੍ਰੋਮਣੀ ਕਮੇਟੀ ਇਨ੍ਹਾਂ ਹਾਲਾਤਾਂ ਵਿਚ ਕਸੂਰਵਾਰ ਨਹੀਂ ਹੈ।
bhai Longowal
ਅੱਜ ਇਥੇ ਲੌਂਗੋਵਾਲ ਨੇ ਕਿਹਾ ਕਿ ਉਹ ਅਵਤਾਰ ਸਿੰਘ ਮੱਕੜ ਦੇ ਬਿਆਨ ਦਾ ਸਮਰਥਨ ਕਰਦੇ ਹਨ ਕਿਉਂਕਿ ਦੋਹਾਂ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮਾਮਲੇ ਵਿਚ ਕਦੇ ਦਖ਼ਲਅੰਦਾਜ਼ੀ ਨਹੀਂ ਕੀਤੀ। ਲੌਂਗੋਵਾਲ ਨੇ ਕਿਹਾ ਕਿ ਸਿਕਲੀਗਰ ਪਰਵਾਰ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਸ਼੍ਰੋਮਣੀ ਕਮੇਟੀ ਵਲੋਂ ਵਿਸ਼ੇਸ਼ ਬਜਟ ਵੀ ਰਖਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਬੀਤੀ ਦੇਰ ਸ਼ਾਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਸਿਕਲੀਗਰ ਪਰਵਾਰਾਂ ਨੂੰ ਸਨਮਾਨਤ ਕੀਤਾ। ਸਿੱਖ ਕਤਲੇਆਮ ਦੇ ਮਾਮਲੇ 'ਚ ਸੱਜਣ ਕੁਮਾਰ ਵਲੋਂ ਲਾਈ ਡਿਟੈਕਟਰ ਟੈਸਟ ਤੋਂ ਭੱਜਣ ਸਬੰਧੀ ਲੌਂਗੋਵਾਲ ਨੇ ਕਿਹਾ ਕਿ ਉਸ ਦਾ ਟੈਸਟ ਹੋਣਾ ਚਾਹੀਦਾ ਹੈ ਕਿਉਂਕਿ 34 ਸਾਲਾਂ ਤੋਂ ਸਿੱਖ ਕੌਮ ਇਨਸਾਫ਼ ਲਈ ਲੜ ਰਹੀ ਹੈ ਅਤੇ ਅਜਿਹੇ ਲੋਕ ਬਹਾਨੇ ਲਗਾ ਕੇ ਭਜਦੇ ਰਹੇ ਹਨ।