
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ...
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਪੰਥ ਦੀਆਂ ਰਵਾਇਤਾਂ ਨੂੰ ਧਾਰਮਕ ਪਰਵਾਰਵਾਦ ਦੇ ਗਲਬੇ ਤੋਂ ਬਚਾਉਣ ਲਈ ਸੰਗਤ ਨੂੰ ਇਕਜੁਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦੇ ਪੰਥ ਵਿਰੋਧੀ ਫ਼ੈਸਲਿਆਂ ਨੇ ਪੰਥਕ ਸਿਧਾਂਤਾਂ ਨੂੰ ਰੋਲ ਕੇ ਰੱਖ ਦਿਤਾ ਹੈ।
ਉਨ੍ਹਾਂ ਕਿਹਾ ਕਿ ਉਹ ਸਿੱਖ ਸੰਗਤ ਨੂੰ ਇਕੋ ਗੱਲ ਕਹਿ ਰਹੇ ਹਨ ਕਿ ਪਰਵਾਰਵਾਦ ਦੀ ਭੇਂਟ ਚੜ੍ਹ ਚੁਕੀਆਂ ਸਾਡੀਆਂ ਪਰੰਪਰਾਵਾਂ ਨਾਲ ਅੱਜ ਤਖ਼ਤਾਂ 'ਤੇ ਬੈਠੇ ਜਥੇਦਾਰ ਨੌਕਰਾਂ ਵਰਗਾ ਵਤੀਰਾ ਕਰ ਰਹੇ ਹਨ। ਇਕ ਰਾਜਨੀਤਕ ਪਰਵਾਰ ਦੀ ਸਿੱਧੀ ਦਖ਼ਲਅੰਦਾਜ਼ੀ ਇਸ ਕਦਰ ਹੈ ਕਿ ਉਹ ਚਾਹੇ ਕਿਸੇ ਨੂੰ ਪੰਥ 'ਚੋਂ ਛੇਕ ਦੇਵੇ। ਉਨ੍ਹਾਂ ਕਿਹਾ ਕਿ ਦਸਮ ਪਤਾਸਾਹ ਨੇ ਸਿੱਖੀ ਅਤੇ ਸਿਧਾਂਤ ਲਈ ਕੁਰਬਾਨੀ ਦਿਤੀ ਸੀ ਨਾ ਕਿ ਖਾਸ ਪਰਵਾਰ ਲਈ ਕਿ ਉਹ ਸਿੱਖੀ ਦਾ ਠੇਕੇਦਾਰ ਬਣ ਕੇ ਕੌਮ ਨੂੰ ਅਜਿਹੇ ਹਨੇਰੇ ਖੂਹ ਵਿਚ ਧੱਕ ਦੇਣ ਕਿ ਦੂਜੇ ਧਰਮਾਂ ਵਾਲੇ ਲੋਕ ਸਾਨੂੰ ਮਖੌਲ ਕਰਨ।
ਸ਼੍ਰੋਮਣੀ ਕਮੇਟੀ ਅੱਜ ਗੋਲਕ ਲੁਟਣ ਵਾਲੇ ਲੋਕਾਂ ਦੇ ਹੱਥਾਂ ਵਿਚ ਆ ਗਈ ਹੈ ਜਿਥੇ ਕਿਸੇ ਗ਼ਰੀਬ ਦਾ ਕੋਈ ਭਲਾ ਨਹੀਂ ਹੁੰਦਾ। ਸਾਰੇ ਫ਼ਾਇਦੇ ਅਕਾਲੀ ਲੀਡਰਾਂ ਦੇ ਪਰਵਾਰ ਲੈ ਰਹੇ ਹਨ। ਇਸ ਕਰ ਕੇ ਇਸ ਪਰਵਾਰਵਾਦ ਦੇ ਜੂਲੇ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ ਅਤੇ ਸੰਗਤ ਉਨ੍ਹਾਂ ਦਾ ਸਾਥ ਦੇਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਰਾਜਨੀਤਕ ਮਕਸਦ ਨਹੀਂ ਹੈ। ਉਹ ਸੰਗਤ ਨੂੰ ਅਪੀਲ ਕਰਦੇ ਹਨ ਕਿ ਕਿਸੇ ਵੀ ਪਾਰਟੀ ਦਾ ਸਿੱਖ ਰਾਜਨੀਤਕ ਤੌਰ 'ਤੇ ਜਿਥੇ ਮਰਜ਼ੀ ਰਹੇ ਪਰ ਧਾਰਮਕ ਸਫਾਂ ਵਿਚ ਪੰਥਕ ਅਕਾਲੀ ਲਹਿਰ ਦੀ ਮਦਦ ਕਰੇ।