
ਸ਼੍ਰੋਮਣੀ ਕਮੇਟੀ 'ਚ ਸੇਵਾ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ..........
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ 'ਚ ਸੇਵਾ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਤਹਿਤ ਸਰਵਿਸ ਨਿਯਮਾਂ ਅਨੁਸਾਰ ਨੌਕਰੀ ਵਿਚ ਨਿਰਧਾਰਤ ਸਮਾਂ ਪੂਰਾ ਕਰਨ ਵਾਲੇ ਮੁਲਾਜ਼ਮਾਂ ਕੋਲੋਂ ਗੁਰਬਾਣੀ ਸੁਣਨ ਦਾ ਕੰਮ ਜਾਰੀ ਹੈ। ਬੀਤੇ ਕਲ ਤੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਪਾਸੋਂ ਗੁਰਬਾਣੀ ਸੁਣਨ ਦਾ ਇਹ ਕਾਰਜ ਇਕ ਸਬ-ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਡਾ. ਰੂਪ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਰਵਿਸ ਨਿਯਮਾਂ ਅਨੁਸਾਰ ਮੁਲਾਜ਼ਮਾਂ ਨੂੰ ਗ੍ਰੇਡ ਵਿਚ ਹੋਣ ਤੋਂ ਬਾਅਦ ਨਿਰਧਾਰਤ ਗੁਰਬਾਣੀ ਸੁਣਨ 'ਤੇ ਹੀ ਪੱਕਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦਾ ਪ੍ਰੋਵੀਡੈਂਟ ਫ਼ੰਡ ਜਮ੍ਹਾਂ ਹੋਣਾ ਸ਼ੁਰੂ
ਹੁੰਦਾ ਹੈ। ਨਵੇਂ ਮੁਲਾਜ਼ਮਾਂ ਵਿਚੋਂ ਸਰਵਿਸ ਵਿਚ ਪੱਕਾ ਕਰਨ ਲਈ ਗੁਰਬਾਣੀ ਸੁਣਨ ਦਾ ਕਾਰਜ ਮੰਗਲਵਾਰ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਵੀਰਵਾਰ ਤਕ ਜਾਰੀ ਰਹੇਗਾ। ਕੁਲ 567 ਮੁਲਾਜ਼ਮਾਂ ਕੋਲੋਂ ਗੁਰਬਾਣੀ ਸੁਣੀ ਜਾਵੇਗੀ। ਸਰਵਿਸ ਨਿਯਮਾਂ ਦੀ ਮਦ 35 ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਇਸ ਅਧੀਨ ਆਉਂਦੇ ਵੱਖ-ਵੱਖ ਗੁਰਦਵਾਰਿਆਂ ਸਮੇਤ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਉਦੋਂ ਤੋਂ ਹੀ ਸਾਲਾਨਾ ਤਰੱਕੀ ਸ਼ੁਰੂ ਕੀਤੀ ਜਾਂਦੀ ਹੈ ਜਦ ਉਹ ਨਿਯਮਾਂ ਅਨੁਸਾਰ ਗੁਰਬਾਣੀ ਜ਼ੁਬਾਨੀ ਸੁਣਾ ਦੇਣ। ਸੇਵਾਦਾਰ ਲਈ ਜਪੁਜੀ ਸਾਹਿਬ ਜ਼ੁਬਾਨੀ ਸੁਣਾਉਣ ਦੀ ਸ਼ਰਤ ਹੈ ਅਤੇ ਪ੍ਰਚਾਰਕ ਤੇ ਗ੍ਰੰਥੀ ਸ਼੍ਰੇਣੀ ਨੂੰ ਨਿਤਨੇਮ ਦੀਆਂ ਬਾਣੀਆਂ ਯਾਦ ਹੋਣੀਆਂ ਲਾਜ਼ਮੀ ਹਨ।