
ਪੀੜਤ ਇਲਾਜ ਲਈ ਦਿੱਲੀ ਦਾਖ਼ਲ, ਸਿੱਖਾਂ ਦੇ ਭਾਜਪਾਈ ਰਾਖਿਆਂ ਨੇ ਧਾਰਿਆ ਮੌਨ
ਨਵੀਂ ਦਿੱਲੀ: ਕਾਨਪੁਰ ਵਿਖੇ ਟ੍ਰੈਫ਼ਿਕ ਹੋਣ ਕਾਰਨ ਭਾਜਪਾ ਕੌਂਸਲਰ ਦੀ ਗੱੱਡੀ ਇਕ ਸਿੱਖ ਦੀ ਗੱਡੀ ਨਾਲ ਟੱਕਰ ਗਈ ਤਾਂ ਉਸ ਦੇ ਹਮਾਇਤੀਆਂ ਨੇ ਅਖੌਤੀ ਤੌਰ ’ਤੇ ਇਕ ਸਿੱਖ ਦੀ ਬੇਰਹਿਮੀ ਨਾਲ ਐਨੀ ਕੁੱਟਮਾਰ ਕੀਤੀ ਕਿ ਉਸ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ। ਪਰ ਦਿੱਲੀ ਵਿਚ ਸਿੱਖਾਂ ਦੇ ‘ਭਾਜਪਾਈ ਰਾਖਿਆਂ’ ਨੇ ਮੌਨ ਧਾਰਿਆ ਹੋਇਆ ਹੈ। ਤਸ਼ੱਦਦ ਦਾ ਸ਼ਿਕਾਰ ਹੋਏ ਸਿੱਖ ਨੂੰ ਇਲਾਜ ਲਈ ਦਿੱਲੀ ਦੇ ਗੰਗਾ ਰਾਮ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਪੀੜਤ ਪ੍ਰਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਹਲਕੀਆਂ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਹੈ, ਪਰ ਉਨ੍ਹਾਂ ’ਤੇ 307 ਧਾਰਾ ਲਾਈ ਜਾਵੇ। ਇਕ ਵੈੱਬ ਚੈੱਨਲ ਨਾਲ ਹਸਪਤਾਲ ਦੇ ਬਾਹਰ ਪੀੜਤ ਦੇ ਰਿਸ਼ਤੇਦਾਰ ਜਸਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ “ਮੇਰੇ ਜੀਜਾ ਜੀ, ਅਮੋਲਦੀਪ ਸਿੰਘ ਤੇ ਮੇਰੀ ਭੈਣ ਅਪਣੀ ਗੱਡੀ ’ਤੇ ਜਾ ਰਹੇ ਸਨ।
ਪਿਛੋਂ ਆਰਟਿਕਾ ਕਾਰ ਆਈ ਜਿਸ ਵਿਚ ਅੰਕਿਤ ਸ਼ੁਕਲਾ ਤੇ ਉਨ੍ਹਾਂ ਦੀ ਪਤਨੀ, ਭਾਜਪਾ ਕੌਂਸਲਰ ਸੋਮਿਆ ਸ਼ੁਕਲਾ ਸਵਾਰ ਸਨ। ਉਨ੍ਹਾਂ ਅਪਣੀ ਗੱਡੀ ਅੱਗੇ ਲਿਜਾਣ ਲਈ ਸਾਈਡ ਮੰਗੀ। ਤਾਂ ਟ੍ਰੈਫ਼ਿਕ ਵੱਧ ਹੋਣ ਕਾਰਨ ਦੋ ਮਿੰਟ ਲੱਗ ਗਏ ਤਾਂ ਇਸ ਤੋਂ ਔਖੇ ਹੋਏ ਕੌਂਸਲਰ ਨੇ ਆਪਣੀ ਗੱਡੀ ਅੱਗੇ ਲਾ ਲਈ। ਫਿਰ ਗੱਡੀ ਵਿਚ ਕੌਂਸਲਰ ਨਾਲ ਸਵਾਰ 4 ਬੰਦਿਆਂ ਨੇ ਜੀਜਾ ਜੀ ਦੀ ਐਨੀ ਕੁੱਟਮਾਰ ਕੀਤੀ ਕਿ ਉਨ੍ਹਾਂ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ ਅਤੇ ਦੂਜੀ ਅੱਖ 70 ਫ਼ੀ ਦੀ ਨੁਕਸਾਨੀ ਗਈ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਹ ਦੋ ਦਿਨ ਮਰੀਜ਼ ਨੂੰ ਨਿਗਰਾਨੀ ਵਿਚ ਰੱਖਣਗੇ ਫਿਰ ਹੀ ਦੂਜੀ ਅੱਖ ਦੀ ਸਹੀ ਹਾਲਤ ਬਾਰੇ ਕੁੱਝ ਕਹਿ ਸਕਣਗੇ।”
ਮੌਕੇ ’ਤੇ ਹਸਪਤਾਲ ‘ਤੇ ਬਾਹਰ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਕੱਤਰ ਜਨਰਲ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ.ਕੁਲਦੀਪ ਸਿੰਘ ਭੋਗਲ ਨੇ ਕਿਹਾ, “ਇਸ ਘਟਨਾ ਨਾਲ ਪੁਰਾ ਸਿੱਖ ਜਗਤ ਪ੍ਰੇਸ਼ਾਨ ਹੈ। ਇਕ ਸ਼ਰੀਫ ਬੰਦੇ ਨੂੰ ਕੌਂਸਲਰ ਦੇ ਬੰਦਿਆਂ ਨੇ ਸ਼ਰਾਬ ਦੇ ਨਸ਼ੇ ਵਿਚ ਸਿੱਖ ਦੀ ਅੱਖਾਂ ਹੀ ਕੱਢ ਲਈਆਂ। ਕੀ ਬੀਜੇਪੀ ਦੀ ਇਹੀ ਇਨਸਾਨੀਅਤ ਹੈ ਕਿ ਤੁਸੀਂ ਸਿੱਖ ਨੂੰ ਮਾਰੋ ਤੇ ਉਸ ਦੀ ਅੱਖਾਂ ਕੱਢ ਦਿਉ। ਇਕ ਵਖਰੇ ਬਿਆਨਵਿ‘ਚ ਸ.ਕੁਲਦੀਪ ਸਿੰਘ ਭੋਗਲ ਨੇ ਕਿਹਾ, “ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੀ ਹਮਾਇਤ ਕਰਦੇ ਹਨ ਤੇ ਦੂਜੇ ਪਾਸੇ ਬੀਜੇਪੀ ਦੇ ਬੰਦੇ ਇਕ ਸਿੱਖ ‘ਤੇ ਜ਼ੁਲਮ ਢਾਹੁੰਦੇ ਹਨ”