
ਦਿੱਲੀ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਇਕ ਮੰਗ ਪੱਤਰ ਦੇ ਕੇ.......
ਨਵੀਂ ਦਿੱਲੀ : ਦਿੱਲੀ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਇਕ ਮੰਗ ਪੱਤਰ ਦੇ ਕੇ, ਕਿਹਾ ਗਿਆ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਸ.ਪੁਨੀਤ ਸਿੰਘ ਚੰਢੋਕ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ, ਕਿਉਂਕਿ 'ਸੋਸ਼ਲ ਮੀਡੀਆ' 'ਤੇ ਨਸ਼ਰ ਹੋਏ ਇਕ ਵੀਡੀਉ ਵਿਚ ਅਖਉਤੀ ਤੌਰ 'ਤੇ ਸ.ਚੰਢੋਕ ਹੁਕਾ ਪੀਂਦੇ ਹੋਏ ਇਕ ਕੁੜੀ ਨਾਲ ਨੱਚ ਰਹੇ ਸਨ ਤੇ ਉਨ੍ਹਾਂ ਟੋਪੀ ਵੀ ਪਾਈ ਹੋਈ ਸੀ।ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਜਿਸ ਵਿਚ ਭਾਈ ਤਰਸੇਮ ਸਿੰਘ, ਜੱਥੇ:ਗੁਰਚਰਨ ਸਿੰਘ ਗੱਤਕਾ ਮਾਸਟਰ, ਸ.ਰਣਬੀਰ ਸਿੰਘ ਕੁੰਦੀ, ਸ.ਜਸਮੀਤ ਸਿੰਘ ਪੀਤਮਪੁਰਾ, ਸ.ਭੁਪਿੰਦਰ ਸਿੰਘ ਪੀਆਰਉ ਤੇ ਦਫ਼ਤਰ ਇੰਚਾਰਜ ਸ.ਕਮਲਪ੍ਰੀਤ ਸਿੰਘ ਸ਼ਾਮਲ ਸਨ, ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦੇ ਕੇ, ਕਿਹਾ, ਇਸ ਤਰ੍ਹਾਂ ਸ.ਚੰਢੋਕ ਨੇ ਸਿੱਖ ਰਹਿਤ ਮਰਿਆਦਾ ਦੀ ਸ਼ਰੇਆਮ ਧੱਜੀਆਂ ਉਡਾਈਆਂ ਹਨ
ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਅਕਸ ਨੂੰ ਢਾਅ ਵੱਜੀ ਹੈ। ਭਾਵੇਂ ਵੀਡੀਉ ਨਸ਼ਰ ਹੋਣ ਪਿਛੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਸ.ਚੰਢੋਕ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰ ਦਿਤਾ ਹੈ, ਪਰ ਧਾਰਮਕ ਅਪਰਾਧ ਹੋਣ ਕਰ ਕੇ, ਉਨ੍ਹਾਂ 'ਤੇ ਅਕਾਲ ਤਖਤ ਤੋਂ ਕਾਰਵਾਈ ਹੋਣੀ ਚਾਹੀਦੀ ਹੈ, ਤਾ ਕਿ ਕੋਈ ਹੋਰ ਇਸ ਤਰ੍ਹਾਂ ਦੀ ਗੁਸਤਾਖੀ ਮੁੜ ਨਾ ਕਰੇ।