
ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਅਤੇ ਲੰਗਰ ਕਮੇਟੀ ਭਾਈ ਰੂਪ ਚੰਦ ਭਾਈਰੂਪਾ ਵਿਚਕਾਰ 161 ਏਕੜ ਜ਼ਮੀਨ ਨੂੰ ਲੈ ਕੇ ਚਲ ਰਿਹਾ ਵਿਵਾਦ ਸੁਲਝਦਾ ਨਜ਼ਰ ਨਹੀਂ..........
ਬਠਿੰਡਾ : ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਅਤੇ ਲੰਗਰ ਕਮੇਟੀ ਭਾਈ ਰੂਪ ਚੰਦ ਭਾਈਰੂਪਾ ਵਿਚਕਾਰ 161 ਏਕੜ ਜ਼ਮੀਨ ਨੂੰ ਲੈ ਕੇ ਚਲ ਰਿਹਾ ਵਿਵਾਦ ਸੁਲਝਦਾ ਨਜ਼ਰ ਨਹੀਂ ਆ ਰਿਹਾ। ਅੱਜ ਇਸ ਮੁੱਦੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਕ ਦਰਜ਼ਨ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਸਥਾਨਕ ਆਈ.ਜੀ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਆਈ.ਜੀ ਐਮ.ਐਫ਼. ਫ਼ਾਰੂਕੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਰਨੀਤ ਅਤੇ ਐਸ.ਐਸ.ਪੀ ਡਾ. ਨਾਨਕ ਸਿੰਘ ਵੀ ਹਾਜ਼ਰ ਸਨ।
ਸੂਤਰਾਂ ਅਨੁਸਾਰ ਭਾਈ ਲੌਂਗੋਵਾਲ ਨੇ ਬਠਿੰਡਾ ਦੇ ਪ੍ਰਸ਼ਾਸਨ ਨੂੰ ਸੰਕੇਤ ਦਿਤਾ ਹੈ ਕਿ ਜੇ ਇਸ ਮਸਲੇ ਦਾ ਹੱਲ ਨਾ ਕਢਿਆ ਤਾਂ ਇਹ ਮੁੱਦਾ ਸਰਕਾਰ ਬਨਾਮ ਕਮੇਟੀ ਧਾਰਮਕ ਰੰਗਤ ਲੈ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਪ੍ਰਸ਼ਾਸਨ ਵਲੋਂ ਦੋਹਾਂ ਧਿਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਚੁਕੀਆਂ ਹਨ ਪਰ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਹੈ। ਸੂਚਨਾ ਮੁਤਾਬਕ ਪ੍ਰਸ਼ਾਸਨਕ ਅਧਿਕਾਰੀਆਂ ਨੇ ਵੀ ਭਾਈ ਲੌਗੋਂਵਾਲ ਨੂੰ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਕਮੇਟੀ ਦੇ ਆਗੂਆਂ ਨਾਲ ਗੱਲ ਕਰ ਕੇ ਮੁੜ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ।