
ਅਮਰੀਕਾ ਵਿਚ ਇਕ ਰੇਡੀਊ ਦੇ ਦੋ ਐਂਕਰਾਂ ਵਲੋਂ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦਾ 'ਟਰਬਨ ਮੈਨ (ਦਸਤਾਰਧਾਰੀ ਵਿਅਕਤੀ).............
ਨਿਊ ਯਾਰਕ, : ਅਮਰੀਕਾ ਵਿਚ ਇਕ ਰੇਡੀਊ ਦੇ ਦੋ ਐਂਕਰਾਂ ਵਲੋਂ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦਾ 'ਟਰਬਨ ਮੈਨ (ਦਸਤਾਰਧਾਰੀ ਵਿਅਕਤੀ)' ਵਜੋਂ ਜ਼ਿਕਰ ਕਰਨ ਤੋਂ ਬਾਅਦ ਦੋਹਾਂ ਐਂਕਰਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਥੇ ਰਹਿੰਦੇ ਸਿੱਖਾਂ ਵਿਚ ਰੋਸ ਪਾਇਆ ਜਾ ਰਿਹਾ ਹੈ। 'ਡੈਨਿਸ ਤੇ ਜੁਡੀ ਸ਼ੋਅ' ਵਿਚ ਦੋ ਐਂਕਰਾਂ ਡੈਨਿਸ ਮਲੋਏ ਅਤੇ ਜੁਡੀ ਫ਼ਰੈਂਕੋ ਨੇ ਗਰੇਵਾਲ ਨੂੰ ਦਸਤਾਰਧਾਰੀ ਵਿਅਕਤੀ ਦਸਿਆ ਸੀ। ਅਪਣੇ ਸ਼ੋਅ ਵਿਚ ਇਹ ਦੋਵੇਂ ਐਂਕਰ ਗਰੇਵਾਲ ਵਲੋਂ ਮਰਜੀਯੁਆਨਾ ਦੇ ਮੁਕੱਦਮਿਆਂ ਨੂੰ ਰੱਦ ਕਰਨ ਦੇ ਫ਼ੈਸਲੇ 'ਤੇ ਚਰਚਾ ਕਰ ਰਹੇ ਸਨ।
ਆਪਸੀ ਗੱਲਬਾਤ ਵਿਚ ਇਕ ਐਂਕਰ ਨੇ ਦੂਜੇ ਐਂਕਰ ਤੋਂ ਪੁੱਛਿਆ, 'ਕੀ ਤੁਹਾਨੂੰ ਅਟਾਰਨੀ ਜਨਰਲ ਬਾਰੇ ਪਤਾ ਹੈ? ਮੈਂ ਉਸ ਦਾ ਨਾਂ ਨਹੀਂ ਜਾਨਣਾ ਚਾਹੁੰਦਾ। ਮੈਂ ਉਸ ਨੂੰ ਦਸਤਾਰ ਵਾਲਾ ਵਿਅਕਤੀ ਕਹਾਂਗਾ।' ਇਨ੍ਹਾਂ ਐਂਕਰਾਂ ਵਿਰੁਧ ਕਾਰਵਾਈ ਕਰਦੇ ਹੋਏ ਰੇਡੀਉ ਪ੍ਰਬੰਧਕਾਂ ਨੇ ਦੋਹਾਂ ਐਂਕਰਾਂ ਨੂੰ ਅਗਲੇ ਹੁਕਮਾਂ ਤਕ ਕੰਮ ਕਰਨ ਤੋਂ ਰੋਕ ਦਿਤਾ ਹੈ। ਰੇਡੀਉ ਪ੍ਰਬੰਧਕਾਂ ਨੇ ਟਵੀਟ ਕਰਦਿਆਂ ਕਿਹਾ ਕਿ ਐਂਕਰਾਂ ਵਲੋਂ ਗਰੇਵਾਲ ਸਬੰਧੀ ਇਕ ਵਿਵਾਦਤ ਟਿਪਣੀ ਕੀਤੀ ਗਈ ਹੈ ਜਿਸ ਦਾ ਉਨ੍ਹਾਂ ਨੂੰ ਅਫ਼ਸੋਸ ਹੈ।
ਗਰੇਵਾਲ ਨੂੰ ਅਟਾਰਨੀ ਜਨਰਲ ਅਹੁਦੇ 'ਤੇ ਨਿਯੁਕਤ ਕਰਨ ਵਾਲੇ ਨਿਊਜਰਸੀ ਦੇ ਗਵਰਨਰ ਫ਼ਿਲ ਮੁਰਫ਼ੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਐਂਕਰਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਹੋਬੋਕੇਨ ਦੇ ਮੇਅਰ ਰਵੀ ਭੱਲਾ, ਜੋ ਦਸਤਾਰ ਸਜਾਉਣ ਵਾਲੇ ਅਮਰੀਕੀ ਸਿੱਖ ਹਨ, ਨੇ ਕਿਹਾ ਕਿ ਐਂਕਰਾਂ ਵਲੋਂ ਕੀਤੀ ਗਈ ਅਜਿਹੀ ਟਿਪਣੀ ਦਾ ਨਿਊਜਰਸੀ ਵਿਚ ਕੋਈ ਥਾਂ ਨਹੀਂ ਹੈ। ਕੁੱਝ ਸਮਾਂ ਪਹਿਲਾਂ ਗੁਰਬੀਰ ਸਿੰਘ ਗਰੇਵਾਲ ਅਮਰੀਕਾ ਵਿਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਹਨ।
ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਐਂਕਰਾਂ ਵਲੋਂ ਕੀਤੀ ਗਈ ਇਸ ਟਿਪਣੀ ਦੀ ਨਿਖੇਧੀ ਕੀਤੀ ਹੈ। ਸਿੱਖ ਕੋਲੀਸ਼ਨ ਦੇ ਸਹਿ ਸੰਸਥਾਪਕ ਅਮਰਦੀਪ ਸਿੰਘ ਨੇ ਕਿਹਾ ਕਿ ਟਵਿੱਟਰ ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਕਹਿ ਕੇ ਇਸ ਘਟਨਾ ਦੀ ਨਿਖੇਧੀ ਕਰਨੀ ਚਾਹੀਦੀ ਹੈ ਕਿ ਅਜਿਹੀਆਂ ਟਿਪਣੀਆਂ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰੱਕੀ ਵਿਚ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ। (ਏਜੰਸੀ)