
ਬਰਤਾਨੀਆ ਵਿਚ ਰਹਿੰਦੇ ਸਿੱਖਾਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਇੰਗਲੈਂਡ ਦੀ ਅੰਕੜਾ ਅਥਾਰਟੀ ਨੇ ਕਿਹਾ ਹੈ..............
ਲੰਦਨ : ਬਰਤਾਨੀਆ ਵਿਚ ਰਹਿੰਦੇ ਸਿੱਖਾਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਇੰਗਲੈਂਡ ਦੀ ਅੰਕੜਾ ਅਥਾਰਟੀ ਨੇ ਕਿਹਾ ਹੈ ਕਿ ਸਾਲ 2021 ਵਿਚ ਦੇਸ਼ ਦੀ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਇਕ ਧਰਮ ਦੇ ਨਾਲ ਉਥੋਂ ਦੇ ਮੂਲ ਨਿਵਾਸੀ ਦਾ ਦਰਜਾ ਮਿਲੇਗਾ। ਇਸ ਫ਼ਾਰਮ ਵਿਚ ਸਿੱਖਾਂ ਲਈ ਇਕ ਮੂਲ ਨਿਵਾਸੀ ਵਾਲਾ ਖਾਨਾ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਪਿਛਲੀ ਵਾਰ ਹੋਈ ਮਰਦਮਸ਼ੁਮਾਰੀ ਵਿਚ ਲਗਭਗ 83 ਹਜ਼ਾਰ ਸਿੱਖਾਂ ਨੇ ਭਾਰਤੀ ਲਿਖੇ ਹੋਏ ਕਾਲਮ ਨੂੰ ਰੱਦ ਕਰ ਦਿਤਾ ਸੀ।
ਪਿਛਲੇ ਸਾਲ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਸਮੇਤ 100 ਤੋਂ ਜ਼ਿਆਦਾ ਬਰਤਾਨਵੀ ਸੰਸਦ ਮੈਂਬਰਾਂ ਨੇ ਅਥਾਰਟੀ ਨੂੰ ਕਿਹਾ ਕਿ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ
ਵਿਚ ਸਿੱਖਾਂ ਲਈ ਇਕ ਵਖਰਾ ਕਾਲਮ ਬਣਾਇਆ ਜਾਵੇ ਤਾਕਿ ਇੰਗਲੈਂਡ ਵਿਚ ਰਹਿਣ ਵਾਲੇ ਲਗਭਗ 4,30,000 ਸਿੱਖ ਵਖਰੇ ਕਾਲਮ ਵਿਚ ਅਪਣੀ ਹਾਜ਼ਰੀ ਲਵਾ ਸਕਣ। ਰੀਪੋਰਟ ਵਿਚ ਦਸਿਆ ਗਿਆ ਹੈ ਕਿ ਕੌਮੀ ਅੰਕੜਾ ਅਧਿਕਾਰੀ 2021 ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਲਈ ਵਖਰਾ ਖਾਨਾ ਬਣਾਉਣ 'ਤੇ ਵਿਚਾਰ ਕਰ ਰਹੇ ਹਨ ਪਰ ਕਈ ਅਧਿਕਾਰੀਆਂ ਨੇ ਇਸ 'ਤੇ ਸਵਾਲ ਉਠਾਏ ਹਨ ਕਿ ਕੀ ਇਹ ਸਿੱਖਾਂ ਨੂੰ ਪ੍ਰਵਾਨ ਹੋਵੇਗਾ। ਬਰਤਾਨਵੀ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਸਮੂਹ ਨੇ ਅਧਿਕਾਰੀਆਂ ਨੂੰ ਗੁਰਦਵਾਰਾ ਲਿਖਣ ਦੀ ਪੇਸ਼ਕਸ਼ ਕੀਤੀ ਸੀ। 2021 ਦੀ ਮਰਦਮਸ਼ੁਮਾਰੀ ਆਨਲਾਈਨ ਹੋਣ ਦੀ ਸੰਭਾਵਨਾ ਹੈ। (ਏਜੰਸੀ)