
ਅੱਜ 'ਉੱਚਾ ਦਰ ਬਾਬੇ ਨਾਨਕ ਦਾ' ਦੇ ਵਿਹੜੇ ਵਿਚ ਮੈਂਬਰਾਂ, ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੀ ਮਾਸਕ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ...........
ਬਪਰੌਰ (ਜੀ.ਟੀ.ਰੋਡ) ਨੇੜੇ ਰਾਜਪੁਰਾ : ਅੱਜ 'ਉੱਚਾ ਦਰ ਬਾਬੇ ਨਾਨਕ ਦਾ' ਦੇ ਵਿਹੜੇ ਵਿਚ ਮੈਂਬਰਾਂ, ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੀ ਮਾਸਕ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਹਰ ਹਾਲ ਵਿਚ, 6 ਮਹੀਨੇ ਦੇ ਅੰਦਰ-ਅੰਦਰ 'ਉੱਚਾ ਦਰ...' ਨੂੰ ਮੁਕੰਮਲ ਕਰ ਕੇ, ਮਾਨਵਤਾ ਨੂੰ ਭੇਂਟ ਕਰ ਦਿਤਾ ਜਾਏਗਾ। ਨੋਟ ਕੀਤਾ ਗਿਆ ਕਿ ਭਾਵੇਂ ਇਸ ਸਮੇਂ ਬਾਬਾ ਨਾਨਕ ਜੀ ਦੇ 550ਵੇਂ ਜਨਮ ਪੁਰਬ ਦਾ ਨਾਂ ਲੈ ਕੇ ਕਾਫ਼ੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਪਰ ਬਾਬੇ ਨਾਨਕ ਬਾਰੇ ਘੜੀਆਂ ਗਈਆਂ ਗ਼ਲਤ ਕਥਾ ਕਹਾਣੀਆਂ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ
ਤੇ ਖੋਜ, ਤਰਕ ਅਤੇ ਬਾਬੇ ਨਾਨਕ ਦੇ ਅਸਲ ਸੰਦੇਸ਼ ਨੂੰ ਨਿਖਾਰ ਕੇ ਪੇਸ਼ ਕਰਨ ਵਲ ਬਹੁਤ ਘੱਟ ਧਿਆਨ ਦਿਤਾ ਜਾ ਰਿਹਾ ਹੈ। ਜ਼ਿਆਦਾ ਜ਼ੋਰ ਵੱਡਾ ਖ਼ਰਚਾ ਕਰ ਕੇ 1999 ਵਾਲਾ ਦ੍ਰਿਸ਼ ਹੀ ਦੁਹਰਾਇਆ ਜਾ ਰਿਹਾ ਹੈ ਜਦੋਂ ਕਈ ਸੌ ਕਰੋੜ ਰੁਪਿਆ ਖ਼ਰਚ ਕੇ ਧੂੜਾਂ ਤਾਂ ਖ਼ੂਬ ਉਡਾਈਆਂ ਗਈਆਂ ਅਤੇ ਵੱਡੀਆਂ ਇਮਾਰਤਾਂ ਵੀ ਬਣਾ ਦਿਤੀਆਂ ਗਈਆਂ ਪਰ ਸਿੱਖੀ ਜਾਂ ਖ਼ਾਲਸੇ ਦੀ ਚੜ੍ਹਦੀਕਲਾ, ਉਸ ਮਗਰੋਂ ਵੀ ਕਿਸੇ ਨੂੰ ਨਜ਼ਰ ਨਾ ਆ ਸਕੀ ਸਗੋਂ ਹਾਲਤ ਦਿਨ ਬ ਦਿਨ ਵਿਗੜਦੀ ਚਲੀ ਗਈ। ਮੀਟਿੰਗ ਦਾ ਆਮ ਵਿਚਾਰ ਸੀ ਕਿ ਬਾਬੇ ਨਾਨਕ ਦਾ 550ਵਾਂ ਜਨਮ ਪੁਰਬ ਵੀ ਉਸ ਤਰ੍ਹਾਂ ਹੀ ਮਨਾਉਣਾ ਸ਼ੁਰੂ ਹੋ ਗਿਆ ਹੈ
ਜਿਵੇਂ ਖ਼ਾਲਸਾ ਤ੍ਰਿਸ਼ਤਾਬਦੀ ਦੇ ਸਮਾਗਮ ਮਨਾਏ ਗਏ ਸਨ ਜਿਨ੍ਹਾਂ ਵਿਚ ਧੂਮ ਧੜੱਕਾ ਤਾਂ ਬਹੁਤ ਹੋਵੇਗਾ ਪਰ ਵਿਚੋਂ ਨਿਕਲੇਗਾ ਕੁੱਝ ਵੀ ਨਹੀਂ। ਬਾਬੇ ਨਾਨਕ ਬਾਰੇ ਪੂਰੀ ਤਰ੍ਹਾਂ ਮਨਘੜਤ ਸਾਖੀਆਂ ਹੀ ਇਨ੍ਹਾਂ ਸਮਾਗਮਾਂ ਦੌਰਾਨ ਵੀ ਦੁਹਰਾਈਆਂ ਜਾ ਰਹੀਆਂ ਹਨ ਤੇ ਨਾਨਕ-ਬਾਣੀ ਦੇ ਗ਼ਲਤ ਅਰਥ ਹੀ ਪ੍ਰਚਾਰੇ ਜਾ ਰਹੇ ਹਨ। ਵਿਦਵਾਨ ਤਬਕੇ ਨੂੰ ਕਿਧਰੇ ਵੀ ਕੋਈ ਮਹੱਤਵ ਨਹੀਂ ਦਿਤਾ ਜਾ ਰਿਹਾ ਤੇ 'ਕਰਮ ਕਾਂਡੀ' ਜਥੇ ਹੀ ਬਾਬੇ ਨਾਨਕ ਦੇ ਫ਼ਲਸਫ਼ੇ ਦੇ ਪ੍ਰਚਾਰਕ ਬਣ ਗਏ ਹਨ।
ਇਨ੍ਹਾਂ ਹਾਲਾਤ ਵਿਚ,'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ ਮੈਂਬਰਾਂ ਤੇ ਟਰੱਸਟੀਆਂ ਦਾ ਵਿਚਾਰ ਸੀ ਕਿ ਬਾਬੇ ਨਾਨਕ ਦੇ ਫ਼ਲਸਫ਼ੇ, ਬਾਣੀ ਅਤੇ ਜੀਵਨ ਬਾਰੇ ਦੁਨੀਆਂ ਨੂੰ, ਚੰਗੀ ਖੋਜ ਮਗਰੋਂ ਪੂਰਾ ਸੱਚ ਪੇਸ਼ ਕਰਨ ਨਾਲ ਹੀ ਸਿੱਖੀ ਦੀ ਚੜ੍ਹਦੀ ਕਲਾ ਸ਼ੁਰੂ ਹੋ ਸਕੇਗੀ ਤੇ ਸਾਰੀ ਦੁਨੀਆਂ ਦਾ ਧਿਆਨ ਨਾਨਕੀ ਫ਼ਲਸਫ਼ੇ ਵਲ ਖਿਚਿਆ ਜਾ ਸਕੇਗਾ ਤੇ ਕੋਈ ਪ੍ਰਾਪਤੀ ਵੀ ਕੀਤੀ ਜਾ ਸਕੇਗੀ।
ਥੋੜੇ ਜਹੇ ਬਚਦੇ ਕੰਮ ਨੂੰ ਛੇ ਮਹੀਨੇ ਦੇ ਅੰਦਰ-ਅੰਦਰ ਪੂਰਾ ਕਰਨ ਲਈ ਵਿਉਂਤਬੰਦੀ ਕੀਤੀ ਗਈ ਅਤੇ ਮੌਜੂਦ ਨਾ ਹੋਣ ਵਾਲੇ ਮੈਂਬਰਾਂ, ਸਨੇਹੀਆਂ ਤੇ ਸਪੋਕਸਮੈਨ ਦੇ ਪਾਠਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਇਸ ਆਖ਼ਰੀ ਹੱਲੇ ਵਿਚ ਉਹ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਕਿ ਨਾਨਕ ਫ਼ਲਸਫ਼ੇ ਦਾ ਸੂਰਜ ਉਦੇ ਹੁੰਦਾ, ਸਾਰੀ ਦੁਨੀਆਂ ਵੇਖ ਸਕੇ ਤੇ ਇਹ ਸਾਢੇ 5ਵੀਂ ਸ਼ਤਾਬਦੀ, ਨਿਰੇ ਧੂੜ ਧੜੱਕੇ ਵਿਚ ਹੀ ਖ਼ਤਮ ਨਾ ਹੋ ਜਾਵੇ।
ਇਸ ਵਾਰ ਦੋ ਅੰਗਰੇਜ਼ ਬੀਬੀਆਂ ਵੀ ਸ਼ਾਮਲ ਹੋਈਆਂ :- ਇਸ ਵਾਰ ਮੀਟਿੰਗ ਵਿਚ ਇੰਗਲੈਂਡ ਤੋਂ ਦੋ ਅੰਗਰੇਜ਼ ਬੀਬੀਆਂ ਮੈਰੀਅਨ ਅਤੇ ਮੈਗੀ ਵੀ ਆਈਆਂ। ਮੈਰੀਅਨ ਤੀਜੀ ਵਾਰ 'ਉੱਚਾ ਦਰ...' ਵੇਖਣ ਲਈ ਪੁੱਜੀ। ਉਸ ਨੇ ਅੰਗਰੇਜ਼ੀ ਵਿਚ ਸੰਖੇਪ ਜਹੀ ਤਕਰੀਰ ਵਿਚ ਕਿਹਾ ਕਿ ਉਸ ਨੂੰ 'ਉੱਚਾ ਦਰ...' ਦੇ ਸੰਕਲਪ ਪਿਛੇ ਕੰਮ ਕਰਦਾ ਸਿਧਾਂਤ ਬਹੁਤ ਪਸੰਦ ਆਇਆ ਹੈ, ਇਸ ਲਈ ਉਹ ਇਸ ਨੂੰ ਵਾਰ-ਵਾਰ ਵੇਖਣ ਆਉਂਦੀ ਹੈ।
Marion and Maggie
''ਹਰ ਵਾਰ ਨਵੀਂ ਗੱਲ ਵੇਖਣ ਨੂੰ ਮਿਲਦੀ ਹੈ ਅਤੇ ਹੁਣ ਤਾਂ ਕੰਮ ਮੁਕੰਮਲ ਹੋ ਚੁੱਕਾ ਲਗਦਾ ਹੈ। ਮੈਂ ਦਿਲੋਂ ਅਰਦਾਸ ਕਰਦੀ ਹਾਂ ਕਿ ਇਹ ਛੇਤੀ ਤੋਂ ਛੇਤੀ ਸ਼ੁਰੂ ਹੋਵੇ। ਅਸੀ ਵੇਖਣਾ ਚਾਹੁੰਦੇ ਹਾਂ ਕਿ ਕਿਵੇਂ ਇਹ ਸਾਰੀ ਕਮਾਈ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇਵੇਗਾ ਅਤੇ ਕਿਵੇਂ ਅਗਿਆਨਤਾ ਨੂੰ ਦੂਰ ਕਰਨ ਵਾਲਾ ਗਿਆਨ ਵੰਡੇਗਾ।'' ਦੋਵੇਂ ਅੰਗਰੇਜ਼ ਬੀਬੀਆਂ, ਨਿਆਸਰੇ ਬੱਚਿਆਂ ਨੂੰ ਸਕੂਲਾਂ ਵਿਚ ਮਦਦ ਦੇ ਕੇ ਪੜ੍ਹਾਈ ਕਰਨ ਲਈ ਉਤਸ਼ਾਹਤ ਕਰਦੀਆਂ ਹਨ।