
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਇਕੱਲਾ ਆਦਮੀ ਹੀ ਤਖ਼ਤ ਦੇ ਸੰਵਿਧਾਨ ਨੂੰ ਬਦਲਣ................
ਅੰਮ੍ਰਿਤਸਰ : ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਇਕੱਲਾ ਆਦਮੀ ਹੀ ਤਖ਼ਤ ਦੇ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰ ਰਿਹਾ ਹੈ ਜਿਸ ਕੋਲ ਇਸ ਵੇਲੇ ਕੋਈ ਅਧਿਕਾਰ ਨਹੀਂ, ਕਮੇਟੀ ਨਵੀਂ ਬਣ ਚੁੱਕੀ ਹੈ। ਉਹ ਸੰਗਤ ਵਿਚ ਭੁਲੇਖੇ ਵਿਚ ਪਾ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕੇ ਇਹ ਮਸਲਾ ਤਾਂ ਸਮੁੱਚੇ ਪੰਥ ਦਾ ਹੈ, ਸਰਕਾਰਾਂ ਦਾ ਨਹੀਂ। ਇਹ ਸਿੱਖਾਂ ਦੇ ਧਾਰਮਕ ਅਸਥਾਨ ਅਤੇ ਮਰਿਆਦਾ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਕੋਈ ਸਾਜ਼ਸ਼ ਹੈ ਜਿਸ ਵਿਚ ਸਿੱਖਾਂ ਨੂੰ ਹੀ ਮੋਹਰਾ ਬਣਾ ਕੇ ਸਰਕਾਰ ਵਲੋਂ ਸਿੱਖਾਂ ਦੇ ਧਾਰਮਕ ਅਸਥਾਨਾਂ 'ਤੇ ਕਬਜ਼ਾ ਕਰਨ ਦੀ ਯੋਜਨਾ ਹੈ।
ਇਸੇ ਤਰ੍ਹਾਂ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਜੀ ਵਿਖੇ ਸਰਕਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਪੰਜਾਬ ਤੋਂ ਬਾਹਰ ਦੂਜੇ ਤਖ਼ਤ ਸਾਹਿਬਾਨ ਪੁਰ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਕਰ ਕੇ ਅੱਗੇ ਹੋ ਕੇ ਇਸ ਲੜਾਈ ਨੂੰ ਠੱਲ ਪਾਉਣ ਲਈ ਅਪਣਾ ਯੋਗਦਾਨ ਪਾਵੇ।