
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਪ੍ਰਚਾਰਕਾਂ ਨੂੰ ਪੰਥਕ ਏਕਤਾ ਲਈ ਅਪੀਲ ਕਰਦਿਆਂ ਕਿਹਾ ਹੈ...
ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਪ੍ਰਚਾਰਕਾਂ ਨੂੰ ਪੰਥਕ ਏਕਤਾ ਲਈ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਅਕਾਲ ਤਖ਼ਤ ਦੀ ਅਗਵਾਈ ਵਿਚ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਹੰਭਲਾ ਮਾਰਨ। ਲੌਂਗੋਵਾਲ ਨੇ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਮਨਾਉਣ ਜਾ ਰਹੀ ਹੈ ਤਾਂ ਇਸ ਮੌਕੇ ਕੌਮ ਨੂੰ ਇਕਜੁੱਟਤਾ ਦੀ ਹੋਰ ਵੀ ਜਿਆਦਾ ਲੋੜ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਬਹੁਤ ਸਾਰੀਆਂ ਅਜਿਹੀਆਂ ਸ਼ਕਤੀਆਂ ਕਾਰਜਸ਼ੀਲ ਹਨ, ਜਿਨ੍ਹਾਂ ਦਾ ਮਕਸਦ ਕੇਵਲ ਪੰਥ ਨੂੰ ਪਾੜ ਕੇ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋਣਾ ਹੈ। ਇਸ ਲਈ ਸਾਨੂੰ ਅਜਿਹੀਆਂ ਸ਼ਕਤੀਆਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਰਾ ਮਾਰੂ ਜੰਗ ਕੌਮ ਦੇ ਹਿੱਤ ਵਿਚ ਨਹੀਂ ਹੈ ਅਤੇ ਅਜਿਹੇ ਵਰਤਾਰੇ ਨਾਲ ਖ਼ਾਲਸਾ ਪੰਥ ਦੇ ਵਿਰੋਧੀਆਂ ਨੂੰ ਹਮਲਾ ਕਰਨ ਦੀ ਹੋਰ ਵੀ ਸ਼ਕਤੀ ਮਿਲਦੀ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਦੇ ਮਸਲਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਖ਼ਲ ਠੀਕ ਨਹੀਂ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਦਾਇਰੇ ਵਿਚ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਸਿੱਖ ਕੌਮ ਦੀ ਪ੍ਰਚਾਰਕ ਸ਼੍ਰੇਣੀ ਅਤੇ ਸਿੱਖ ਸੰਸਥਾਵਾਂ ਵਿਚ ਪਾੜਾ ਪਾਉਣ ਤੋਂ ਗੁਰੇਜ ਕਰਨ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਦਮਦਮੀ ਟਕਸਾਲ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਨੂੰ ਵੀ ਗਲਤ ਕਰਾਰ ਦਿੰਦਿਆਂ ਕਿਹਾ ਕਿ ਦਮਦਮੀ ਟਕਸਾਲ ਨੇ ਲੰਮੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਪ੍ਰਚਾਰਕਾਂ ਵਿਚ ਪੈਦਾ ਹੋ ਰਹੀਆਂ ਦੂਰੀਆਂ ਨੂੰ ਖ਼ਤਮ ਕਰਨ ਅਤੇ ਸਭ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠਾ ਕਰਨ ਲਈ ਸ਼੍ਰੋਮਣੀ ਕਮੇਟੀ ਸੁਹਿਰਦ ਯਤਨ ਕਰੇਗੀ।
ਭਾਈ ਲੌਂਗੋਵਾਲ ਨੇ ਸਿੱਖ ਪ੍ਰਚਾਰਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਮਤਿ ਪ੍ਰਚਾਰ ਦਾ ਮੁੱਖ ਸਰੋਤ ਗੁਰਬਾਣੀ ਨੂੰ ਬਣਾਉਣ ਅਤੇ ਕਿਸੇ ਵੀ ਅਜਿਹੇ ਮੁੱਦੇ ਨੂੰ ਨਾ ਪ੍ਰਚਾਰਨ, ਜਿਸ ਨਾਲ ਆਪਸੀ ਦੂਰੀਆਂ ਵਧਦੀਆਂ ਹੋਣ ਤੇ ਕੌਮ ਕਮਜ਼ੋਰ ਹੁੰਦੀ ਹੋਵੇ।