ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਡੇਰੇਦਾਰਾਂ ਵਲੋਂ ਪੇਸ਼ ਕੀਤੇ ਜਾਂਦੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕੁਝ ਭਾਗਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਜਿਵੇਂ...
ਤਰਨਤਾਰਨ, ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਡੇਰੇਦਾਰਾਂ ਵਲੋਂ ਪੇਸ਼ ਕੀਤੇ ਜਾਂਦੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕੁਝ ਭਾਗਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਜਿਵੇਂ ਇਹ ਗ੍ਰੰਥ ਕਿਸੇ ਕਰਮਕਾਂਡੀ ਨੇ ਲਿਖੇ ਹੋਣ। ਇਤਿਹਾਸ ਦੇ ਇਸ ਅਖੌਤੀ ਮੂਲ ਸਰੋਤ ਵਿਚ ਗੁਰੂਆਂ ਨੂੰ ਜਿਥੇ ਨਸ਼ੇ ਦੇ ਸ਼ੌਕੀਨ ਦਸਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਉਥੇ ਗੁਰੂਆਂ ਨੂੰ ਗੁਰੂ ਨਾਨਕ ਸਾਹਿਬ ਦੇ ਆਸ਼ੇ ਤੋਂ ਕੋਹਾਂ ਦੂਰ ਵਿਖਾਉਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਰਹਿਣ ਦਿਤੀ।
ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੇ ਕੁੱਝ ਵੀਰ ਰੋਜ਼ਾਨਾ ਸਪੋਕਸਮੈਨ ਦੀ ਇਸ ਜਾਣਕਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਤਾਂ ਮੰਨਦੇ ਹਨ ਕਿ ਇਸ ਗ੍ਰੰਥ ਵਿਚ ਕੁੱਝ ਸ਼ਾਤਰ ਕਿਸਮ ਦੇ ਲੋਕਾਂ ਨੇ ਰਲੇਵਾਂ ਕੀਤਾ ਹੈ ਪਰ ਇਸ ਰਲੇਵੇ ਨੂੰ ਖ਼ਤਮ ਕਰਨ ਬਾਰੇ ਪੁੱਛੇ ਜਾਣ 'ਤੇ ਇਹ ਵੀਰ ਖਮੋਸ਼ ਹੋ ਜਾਂਦੇ ਹਨ। ਕੁੱਝ ਲੋਕ ਇਹ ਦਾਅਵਾ ਕਰਦੇ ਹਨ ਕਿ ਸੂਰਜ ਗ੍ਰੰਥ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸੋਧ ਕੀਤੀ ਸੀ ਪਰ ਉਹ ਵੀਰ ਇਹ ਭੁੱਲ ਜਾਂਦੇ ਹਨ ਕਿ ਲੋਕ ਮਨਾਂ ਵਿਚ ਮੂਲ ਲਿਖਾਰੀ ਮਹਾਗੱਪੀ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਹੀ ਹੈ।
ਸੂਰਜ ਪ੍ਰਕਾਸ਼ ਦੀ ਰਾਸ 6 ਅੰਸ਼ੂ 18 ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਦੇ ਵਿਆਹ ਦਾ ਪ੍ਰਸੰਗ ਹੈ। ਮਹਾ ਗੱਪੀ ਸੰਤੋਖ ਸਿੰਘ ਨੇ ਇਸ ਪ੍ਰਸੰਗ ਵਿਚ ਜਿਥੇ ਗੁਰੂ ਘਰ ਵਿਚ ਨੋ ਗ੍ਰਹਿ ਤੇ ਗਣਪਤੀ ਪੂਜਾ ਕਰਵਾ ਦਿਤੀ, ਉਥੇ ਹੀ ਰੁਤ 1 ਅੰਸ਼ੂ 13 ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀਤੋ ਜੀ ਨਾਲ ਹੋਏ ਵਿਆਹ ਸਮੇਂ ਲਾਵਾਂ ਵੀ ਵੇਦੀ ਨਾਲ ਹੋਇਆ ਦਸ ਦਿਤੀਆਂ।
ਇਥੇ ਹੀ ਬਸ ਨਹੀਂ, ਸੰਤੋਖ ਸਿੰਘ ਮੁਤਾਬਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਅਪਣੇ ਸਿੱਖਾਂ ਕਰਮਕਾਂਡਾਂ ਬਾਰੇ ਦਸਿਆ। ਸੰਤੋਖ ਸਿੰਘ ਮੁਤਾਬਕ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਕਿ ਐਤਵਾਰ ਕਿਧਰੇ ਜਾਣਾ ਹੋਵੇ ਤਾਂ ਪਾਨ ਖਾਵੇ, ਸੋਮਵਾਰ ਨੂੰ ਸ਼ੀਸ਼ਾ ਵੇਖ ਕੇ ਘਰੋਂ ਤੁਰੇ, ਮੰਗਲਵਾਰ ਨੂੰ ਲੌਂਗ ਖਾਵੇ, ਬੁਧਵਾਰ ਨੂੰ ਮਧੂ ਭਾਵ ਸ਼ਹਿਦ ਖਾਵੇ, ਵੀਰਵਾਰ ਦਹੀਂ ਨਹੀਂ ਖਾਣਾ, ਸ਼ੁਕਰਵਾਰ ਰੋਟੀ ਅਤੇ ਰਾਈਂ ਖਾਣਾ, ਸਨਿਚਰਵਾਰ ਨੂੰ ਲੂਣ ਖਾਵੇ।
ਅਗਲੇ ਹੁਕਮ ਵਿਚ ਸੰਤੋਖ ਸਿੰਘ ਲਿਖਦਾ ਹੈ ਕਿ ਐਤਵਾਰ ਨੂੰ ਕੇਸੀ ਨਹਾਉਣ ਨਾਲ ਉਮਰ ਘਟਦੀ ਹੈ, ਸੋਮਵਾਰ ਨਹਾਵੇ ਤਾਂ ਜ਼ਹਮਤ ਹੋਵੇ, ਮੰਗਲਵਾਰ ਨੂੰ ਨਹਾਵੇ ਤੇ ਜ਼ਹਮਤ ਵੀ ਹੋਵੇ ਤੇ ਦਾਰੂ ਭਾਵ ਦਵਾਈ ਵੀ ਨਹੀਂ ਮਿਲਦੀ, ਬੁਧਵਾਰ ਨੂੰ ਨਹਾਵੇ ਤੇ ਬਹੁਤ ਧੰਨ ਮਿਲੇ, ਵੀਰਵਾਰ ਨੂੰ ਨਹਾਵੇ ਤੇ ਬਹੁਤ ਨੁਕਸਾਨ ਹੋਵੇ ਜਿਸ ਕਰਮਕਾਂਡ ਵਿਚੋਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਕੱਢ ਕੇ ਸਿਧੇ ਅਕਾਲ ਪੁਰਖ ਨਾਲ ਜੋੜਿਆ ਸੀ, ਅੱਜ ਗੁਰਦੁਆਰਿਆਂ ਵਿਚ ਇਸ ਗ੍ਰੰਥ ਦੀ ਕਥਾ ਕਰ ਕੇ ਸਿੱਖਾਂ ਨੂੰ ਮੁੜ ਕਰਮਕਾਂਡੀ ਤੇ ਨਹੀਂ ਬਣਾਇਆ ਜਾ ਰਿਹਾ।