
ਪ੍ਰਚਾਰ ਸਮੱਗਰੀ ਵਿਚ ਕੇਵਲ ਹਿੰਦੀ ਦਾ ਪ੍ਰਯੋਗ ਕਰਨ 'ਤੇ ਫੈਲਿਆ ਸੀ ਸਿੱਖ ਹਲਕਿਆਂ ਵਿਚ ਰੋਸ
ਸਿਰਸਾ : ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਹੋਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਦੀਆਂ ਤਿਆਰੀਆਂ ਸਮੇਂ ਪ੍ਰਬੰਧਕਾਂ ਵਲੋਂ ਲਾਏ ਗਏ ਹੋਰਡਿੰਗਾਂ ਅਤੇ ਹੋਰ ਪ੍ਰਚਾਰ ਸਮੱਗਰੀ ਵਿਚ ਕੇਵਲ ਹਿੰਦੀ ਭਾਸ਼ਾ ਦਾ ਪ੍ਰਯੋਗ ਕਰਨ ਤੇ ਸਿੱਖ ਹਲਕਿਆਂ ਦੇ ਰੋਸ ਨੂੰ ਦੇਖਦੇ ਹੋਏ ਹੁਣ ਪ੍ਰਬੰਧਕਾਂ ਵਲੋਂ ਪੰਜਾਬੀ ਵਿਚ ਫ਼ਲੈਕਸ ਬੋਰਡ ਲਾਉਣ ਦਾ ਕੰਮ ਜਾਰੀ ਹੈ। ਉਧਰ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਤੇ।
Flex Board in Punjabi at Sirsa
ਚਾਰ ਅਗੱਸਤ ਨੂੰ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਹੋਣ ਵਾਲੇ ਸੂਬਾਈ ਪਧਰੀ ਧਾਰਮਕ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪੰਡਾਲ ਨੂੰ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਪ੍ਰਦਰਸ਼ਨੀ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਦੀ ਪੂਰੀ ਵਿਵਸਥਾ ਦੇ ਨਾਲ-ਨਾਲ ਲੋਕਾਂ ਦੇ ਆਉਣ ਲਈ ਬਰਨਾਲਾ ਰੋਡ ਪੁਲਿਸ ਲਾਈਨ ਦੀ ਕੰਧ ਨਾਲ ਚਾਰ ਵੱਡੇ ਗੇਟ ਬਣਾਏ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਲੋਕਾਂ ਦੇ ਸਵਾਗਤ ਲਈ ਥਾਂ-ਥਾਂ 'ਤੇ ਸਵਾਗਤੀ ਗੇਟ ਬਣਾਏ ਜਾ ਰਹੇ ਹਨ।
Punjabi disappeared from Haryana Government's light festival hoardings
ਡੀ.ਸੀ ਨੇ ਕਿਹਾ ਕਿ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿਤੀਆਂ ਗਈਆਂ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਬਲ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਧਮੀਜਾ ਨੇ ਦਸਿਆ ਕਿ ਸਮਾਗਮ ਵਿਚ ਹਰ ਨਾਗਰਿਕ ਨੂੰ ਸੱਦਿਆ ਗਿਆ ਹੈ ਅਤੇ ਧਾਰਮਕ, ਸਮਾਜਕ ਤੇ ਸਵੈ ਸੇਵੀ ਸੰਸਥਾਵਾਂ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਖੇਤਰ ਦੀਆਂ ਧਾਰਮਕ, ਸਮਾਜਕ, ਰਾਜਨੀਤਕ ਅਤੇ ਵਿਦਿਅਕ ਸੰਸਥਾਵਾਂ ਨੇ ਗੁਰੂ ਸਾਹਿਬ ਦੇ ਸਮਾਗਮਾਂ ਸਬੰਧੀ ਬੋਰਡਾਂ ਨੂੰ ਪੰਜਾਬੀ ਵਿਚ ਲਗਵਾਉਣ ਹਿਤ ਪੱਤਰਕਾਰਾਂ ਸਮੇਤ ਸਾਰੇ ਸਿੱਖ ਆਗੂਆਂ ਦਾ ਧਨਵਾਦ ਕੀਤਾ ਹੈ।