
ਸੈਂਕੜੇ ਪ੍ਰਾਣੀ ਅੰਮ੍ਰਿਤ ਛਕ ਗੁਰੁ ਵਾਲੇ ਬਣੇ : ਬੇਦੀ
Panthak News: ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਤਕ ਅਰੰਭ ਹੋਏ ਮਹਾਨ ਸ਼ਹੀਦੀ ਨਗਰ ਕੀਰਤਨ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇ. ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੇ ਸਮੁੱਚੇ ਨਿਹੰਗ ਸਿੰਘਾਂ ਨੇ ਪੂਰਨ ਸ਼ਰਧਾ ਸਤਿਕਾਰ ਨਾਲ ਸਮੂਲੀਅਤ ਕੀਤੀ। ਗੁਰਦੁਆਰਾ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਮੂਲ ਮੰਤਰ ਪਾਠ ਦੇ ਜਾਪ ਕੀਤੇ ਗਏ।
ਸਰਬੰਸਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਤੇ ਲਾਮਿਸਾਲ ਸ਼ਹੀਦੀ ਨੂੰ ਸਮਰਪਤ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਮਹੱਲਾ 29 ਦਸੰਬਰ ਨੂੰ ਕਢਿਆ ਜਾਵੇਗਾ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਗੁਰੂ ਸਾਹਿਬ ਦੇ ਸਮੇਂ ਮਹੱਲਾ ਤੋਂ ਖੇਡਣ ਦੀ ਪੁਰਾਤਨ ਰਵਾਇਤ ਹੈ।
ਗੁਰੂ ਸਾਹਿਬ ਵਲੋਂ ਬਖਸ਼ਿਸ਼ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨਿਹੰਗ ਸਿੰਘਾਂ ਦੀ ਅਗਵਾਈ ਵਿਚ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਮਹੱਲਾ ਚੜੇਗਾ, ਜਿਸ ਵਿਚ ਵੱਖ-ਵੱਖ ਨਿਹੰਗ ਸਿੰਘਾਂ ਦੇ ਮੁਖੀ ਸਾਹਿਬਾਨ, ਆਪੋ ਅਪਣੇ ਦਲਾਂ ਸਮੇਤ ਸਮੂਲੀਅਤ ਕਰਨਗੇ। ਇਸ ਮਹੱਲੇ ’ਚ ਹਾਥੀ, ਊਠ, ਘੋੜੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਇਹ ਮਹੱਲਾ ਗੁ: ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਤੋਂ ਅਰੰਭ ਹੋ ਕੇ ਗ. ਫ਼ਤਹਿਗੜ੍ਹ ਸਾਹਿਬ, ਠੰਡਾ ਬੁਰਜ, ਮਾਤਾ ਗੁਜਰੀ ਜੀ ਕਾਲਜ, ਨਿਸ਼ਾਨ ਕਿਲ੍ਹਾ ਥੇਹ ਬਾਬਾ ਬੰਦਾ ਸਿੰਘ ਬਹਾਦਰ, ਗੁ. ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਸਿੰਘਾਂ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਇੰਜਨਅਰਿੰਗ ਕਾਲਜ ਦੇ ਖੁਲ੍ਹੇ ਮੈਦਾਨ ਵਿਚ ਖੇਡਿਆ ਜਾਵੇਗਾ, ਜਿਥੇ ਨਿਹੰਗ ਸਿੰਘ ਘੋੜ ਦੋੜਾਂ ਅਤੇ ਗਤਕੇ ਦੇ ਜੋਹਰ ਦਿਖਾਉਣਗੇ।
ਉਨ੍ਹਾਂ ਦਸਿਆ ਕਿ ਸ਼ਹੀਦੀ ਜੋੜ ਮੇਲ ਸਮੇਂ ਗੁ: ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਜਿਥੇ ਗੁਰਮਤਿ ਸਮਾਗਮ ਚੱਲ ਰਹੇ ਹਨ ਉਥੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ ਹੈ। ਵੱਡੀ ਗਿਣਤੀ ਵਿਚ ਪ੍ਰਾਣੀ ਅੰਮ੍ਰਿਤ ਛਕ ਗੁਰੂ ਵਾਲੇ ਬਣੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।