
ਪੰਥ ਲਈ ਕੁਰਬਾਨੀਆਂ ਕਰਨ ਵਾਲਿਆਂ ਦੇ ਪਰਵਾਰ ਤਾਂ ਅੱਜ ਰੋਟੀ ਤੋਂ ਵੀ ਬੇਵੱਸ ਤੇ ਲਾਚਾਰ ਹਨ ਪਰ ਪੰਥ ਦੇ ਨਾਂਅ 'ਤੇ ਸੱਤਾ ਦਾ ਆਨੰਦ ਮਾਣਨ ਵਾਲਿਆਂ ਬਾਰੇ ਦੁਨੀਆਂ.........
ਕੋਟਕਪੂਰਾ : ਪੰਥ ਲਈ ਕੁਰਬਾਨੀਆਂ ਕਰਨ ਵਾਲਿਆਂ ਦੇ ਪਰਵਾਰ ਤਾਂ ਅੱਜ ਰੋਟੀ ਤੋਂ ਵੀ ਬੇਵੱਸ ਤੇ ਲਾਚਾਰ ਹਨ ਪਰ ਪੰਥ ਦੇ ਨਾਂਅ 'ਤੇ ਸੱਤਾ ਦਾ ਆਨੰਦ ਮਾਣਨ ਵਾਲਿਆਂ ਬਾਰੇ ਦੁਨੀਆਂ ਦੇ ਕੋਨੇ ਕੋਨੇ 'ਚ ਬੈਠੇ ਪੰਜਾਬੀਆਂ ਨੇ ਟੀਵੀ ਚੈਨਲਾਂ ਦੇ ਸਿੱਧੇ ਪ੍ਰ੍ਰਸਾਰਣ ਰਾਹੀਂ ਦੇਖ ਲਿਆ ਕਿ ਕਿਵੇਂ ਉਨ੍ਹਾਂ ਨੇ ਪੰਥ ਦਾ ਘਾਣ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜ਼ਿਲ੍ਹਾ ਫ਼ਰੀਦਕੋਟ ਦੇ ਅਖ਼ਰੀਲੇ ਪਿੰਡ ਚੰਦਬਾਜ਼ਾ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਗਿੱਲ ਦੇ ਜੰਮਪਲ ਧਰਮੀ ਫ਼ੌਜੀ ਸ਼ਹੀਦ ਬੂਟਾ ਸਿੰਘ ਦੇ ਘਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ।
ਘਰ ਵਿਚ ਸਿਰਫ਼ ਬੂਟਾ ਸਿੰਘ ਦੀ ਮਾਂ ਗਿਆਨ ਕੌਰ ਅਤੇ ਭਰਜਾਈ ਹਰਦੀਪ ਕੌਰ ਰਹਿੰਦੀਆਂ ਹਨ, ਘਰ 'ਚ ਕਮਾਉਣ ਵਾਲਾ ਮਰਦ ਮੈਂਬਰ ਕੋਈ ਨਹੀਂ। ਕੁੱਝ ਚੋਣਵੇਂ ਪੱਤਰਕਾਰਾਂ ਨੂੰ ਧਰਮੀ ਫ਼ੌਜੀ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਦੀ ਹਾਜ਼ਰੀ 'ਚ 90 ਸਾਲ ਦੀ ਮਾਤਾ ਗਿਆਨ ਕੌਰ ਨੇ ਦਸਿਆ ਕਿ ਜੂਨ 1984 'ਚ ਉਸ ਦੇ ਫ਼ੌਜੀ ਪੁੱਤਰ ਬੂਟਾ ਸਿੰਘ ਨੇ ਗੁਰਦਵਾਰਿਆਂ ਦੀ ਬੇਹੁਰਮਤੀ ਨਾ ਸਹਾਰਦਿਆਂ ਅਪਣੇ ਸਾਥੀਆਂ ਨਾਲ ਬੈਰਕਾਂ ਛੱਡ ਦਿਤੀਆਂ, ਫ਼ੌਜ ਅਤੇ ਸਮੇਂ ਦੀ ਹਕੂਮਤ ਦੇ ਤਸੀਹੇ ਝੱਲਣ ਤੋਂ ਬਾਅਦ ਆਮ ਜ਼ਿੰਦਗੀ ਜੀਣ ਦਾ ਫ਼ੈਸਲਾ ਕੀਤਾ,
ਘਰ ਦੇ ਗੁਜਾਰੇ ਲਈ ਸਵਾਰੀਆਂ ਢੋਹਣ ਵਾਲਾ ਤਿੰਨ ਪਹੀਆ ਵਾਹਨ ਬਣਾ ਲਿਆ, ਸਮੇਂ ਸਮੇਂ ਪੁਲਿਸ ਫੜ ਕੇ ਲੈ ਜਾਂਦੀ, ਤਸੀਹੇ ਦਿਤੇ ਜਾਂਦੇ ਤੇ ਰਿਹਾਈ ਤੋਂ ਬਾਅਦ ਉਹ ਫਿਰ ਅਪਣੇ ਕੰਮ 'ਚ ਲੱਗ ਜਾਂਦਾ ਪਰ ਇਕ ਦਿਨ ਪੁਲਿਸ ਨੇ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਮਾਤਾ ਗਿਆਨ ਕੌਰ ਨੇ ਦਸਿਆ ਕਿ ਬੂਟਾ ਸਿੰਘ ਦੀ ਮੌਤ ਤੋਂ ਬਾਅਦ ਵੀ ਪੁਲਿਸ ਨੇ ਖਹਿੜਾ ਨਾ ਛੱਡਿਆ, ਉਸ ਦੇ ਪਿਤਾ ਮਹਿੰਦਰ ਸਿੰਘ ਨੂੰ ਤਸੀਹੇ ਦਿਤੇ ਜਾਣ ਲੱਗੇ ਤੇ ਪੁਲਿਸ ਦਾ ਬੇਤਹਾਸ਼ਾ ਤਸ਼ੱਦਦ ਨਾ ਸਹਾਰਦਾ ਹੋਇਆ ਬੂਟਾ ਸਿੰਘ ਦੀ ਮੌਤ ਤੋਂ ਮਹਿਜ ਦੋ ਮਹੀਨੇ ਬਾਅਦ ਮਹਿੰਦਰ ਸਿੰਘ ਵੀ ਰੱਬ ਨੂੰ ਪਿਆਰਾ ਹੋ ਗਿਆ।
ਉਸ ਤੋਂ ਬਾਅਦ ਘਰ 'ਚ ਇਕਲੌਤੇ ਮਰਦ ਮੈਂਬਰ ਵਜੋਂ ਬਚੇ ਛੋਟੇ ਪੁੱਤਰ ਕੇਵਲ ਸਿੰਘ ਨੂੰ ਪੁਲਿਸ ਤੰਗ ਕਰਨ ਲੱਗੀ, ਕਦੇ ਕਿਸੇ ਥਾਣੇ ਦੀ ਪੁਲਿਸ ਅਤੇ ਕਦੇ ਸੀਆਈਏ ਸਟਾਫ਼ ਵਾਲੇ ਫੜ ਕੇ ਲੈ ਜਾਂਦੇ ਤੇ ਅਥਾਹ ਤਸ਼ੱਦਦ ਤੋਂ ਬਾਅਦ ਛੱਡਿਆ ਜਾਂਦਾ ਤਾਂ ਉਹ ਕਈ ਕਈ ਦਿਨ ਕੰਮ ਨਾ ਕਰ ਸਕਦਾ। ਇਕ ਦਿਨ ਪੁਲਿਸ ਨੇ ਕੇਵਲ ਸਿੰਘ ਨੂੰ ਵੀ ਅਪਣੇ ਭਰਾ ਅਤੇ ਪਿਉ ਕੋਲ ਪਹੁੰਚਾ ਦਿਤਾ। ਬੂਟਾ ਸਿੰਘ ਦੀ ਪਤਨੀ ਅਪਣੇ ਇਕਲੌਤੇ ਮੰਦਬੁੱਧੀ ਪੁੱਤਰ ਨੂੰ ਲੈ ਕੇ ਪੇਕੇ ਘਰ ਚਲੀ ਗਈ ਤੇ ਉਸ ਤੋਂ ਬਾਅਦ ਪਿਛਲੇ ਕਰੀਬ 30 ਸਾਲਾਂ ਤੋਂ ਨੂੰਹ-ਸੱਸ ਮੁਸ਼ਕਲ ਨਾਲ ਗੁਜ਼ਾਰਾ ਕਰਦੀਆਂ ਆ ਰਹੀਆਂ ਹਨ।
ਗਿਆਨ ਕੌਰ ਦੀ ਨੂੰਹ ਹਰਦੀਪ ਕੌਰ ਪਤਨੀ ਸਵ: ਕੇਵਲ ਸਿੰਘ ਨੇ ਦਸਿਆ ਕਿ ਉਸ ਦੀਆਂ ਤਿੰਨ ਧੀਆਂ ਸਨ ਤੇ ਪਹਿਲੀ ਬੇਟੀ ਦੇ ਵਿਆਹ ਮੌਕੇ ਚੰਡੀਗੜ੍ਹ ਦੇ ਕੁੱਝ ਪੰਥਕ ਸੋਚ ਰੱਖਣ ਵਾਲੇ ਦਾਨੀਆਂ ਸੱਜਣਾਂ ਨੇ ਮਾਇਕ ਸਹਾਇਤਾ ਕੀਤੀ ਪਰ ਬਾਅਦ 'ਚ ਦੋ ਬੇਟੀਆਂ ਦਾ ਵਿਆਹ ਬੜੀ ਮੁਸ਼ਕਲ ਨਾਲ ਨੇਪਰੇ ਚਾੜ੍ਹਿਆ ਗਿਆ। ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਆਖਿਆ ਕਿ ਤਿੰਨੋਂ ਬੇਟੀਆਂ ਆਪੋ ਅਪਣੇ ਘਰ ਸੁਖੀ ਜੀਵਨ ਬਤੀਤ ਕਰ ਰਹੀਆਂ ਹਨ।
ਬੂਟਾ ਸਿੰਘ ਤੇ ਕੇਵਲ ਸਿੰਘ ਦੀਆਂ ਤਸਵੀਰਾਂ ਦੇਖਦਿਆਂ ਹੀ ਨੁੰਹ-ਸੱਸ ਭੁਬਾਂ ਮਾਰ ਮਾਰ ਰੋਣ ਲੱਗੀਆਂ ਤੇ ਜਸਵੀਰ ਸਿੰਘ ਖ਼ਾਲਸਾ ਵੀ ਉਨ੍ਹਾਂ ਨੂੰ ਚੁੱਪ ਕਰਾਉਂਦਾ ਕਰਾਉਂਦਾ ਰੋ ਪਿਆ, ਮਾਤਾ ਤੇ ਉਸ ਦੀ ਨੂੰਹ ਨਾਲ ਗੱਲ ਕਰ ਰਹੇ ਪੱਤਰਕਾਰਾਂ ਦੀਆਂ ਅੱਖਾਂ ਵੀ ਛਲਕ ਪਈਆਂ।