
ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਘੰਟਾ ਘਰ ਵਿਚ ਇਕੱਠ ਕਰ ਕੇ 1984 ਵਿਚ ਹੋਈ ਸਿੱਖ ਕਤਲੇਆਮ ...
ਅੰਮ੍ਰਿਤਸਰ, ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਘੰਟਾ ਘਰ ਵਿਚ ਇਕੱਠ ਕਰ ਕੇ 1984 ਵਿਚ ਹੋਈ ਸਿੱਖ ਕਤਲੇਆਮ ਸਬੰਧੀ ਰੋਸ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਦ ਜੂਨ 84 ਵਿਚ ਹਮਲਾ ਹੋਇਆ ਸੀ ਤਾਂ ਧਰਮੀ ਫ਼ੌਜੀ ਅਪਣੀਆਂ ਬੈਰਕਾਂ ਛੱਡ ਕੇ ਨੌਕਰੀਆਂ, ਪੈਨਸ਼ਨਾਂ ਤੇ ਪਰਵਾਰ ਵਾਰ ਕੇ ਰਾਖੀ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਵਿਚ '84 ਦੇ ਪੀੜਤਾਂ ਲਈ ਕੋਈ ਹਮਦਰਦੀ ਨਹੀਂ ਹੈ ਅਤੇ ਦੁਖ ਦੀ ਗੱਲ ਹੈ ਕਿ 34 ਸਾਲ ਬਾਅਦ ਵੀ ਇਸ ਹਮਲੇ ਦਾ ਵਿਰੋਧ ਧਰਮੀ ਫ਼ੌਜੀ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਵਿਚ ਭਰਤੀ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ, ਨਿਸ਼ਾਨ ਸਾਹਿਬ ਤੇ ਤਿਰੰਗੇ ਨੂੰ ਹੱਥ ਲਵਾ ਕੇ ਦੇਸ਼ ਦੀ ਰਾਖੀ ਲਈ ਧਰਮ ਦੀ ਸੋਂਹ ਖੁਆਈ ਜਾਂਦੀ ਹੈ ਪਰ ਕੇਂਦਰ ਸਰਕਾਰ ਨੇ ਅਕਾਲ ਤਖ਼ਤ 'ਤੇ ਹਮਲਾ ਕਰ ਕੇ ਨਿਰਦੋਸ਼ ਸੰਗਤ ਨੂੰ ਗੋਲੀਆਂ ਨਾਲ ਭੁੰਨ ਦਿਤਾ।
ਉਨ੍ਹਾਂ ਕਿਹਾ ਕਿ ਜੇ ਸਾਡੇ ਦੇਸ਼ ਵਿਚ ਹਿਰਨ ਦੇ ਮਰਨ ਦਾ ਮਸਲਾ ਹੋਵੇ ਜਾਂ ਫਿਰ ਗਊਆਂ ਦੀ ਰਖਿਆ ਦੀ ਗੱਲ ਹੋਵੇ ਅਤੇ ਜਾਂ ਫਿਰ ਮਛਲੀਆਂ ਮਰ ਜਾਣ ਤਾਂ ਦੇਸ਼ ਦੇ ਰਾਜਨੀਤਕ ਮਗਰਮੱਛ ਵਾਂਗ ਹੰਝੂ ਵਹਾਉਂਦੇ ਹੋਏ ਹਮਦਰਦੀ ਜਤਾਉਣ ਦੀ ਦੌੜ ਲਗਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਦੇਸ਼ ਵਿਚ ਗਊਆਂ ਲਈ ਦੇਸ਼ ਵਿਚ ਗਊਸ਼ਾਲਾਵਾਂ ਬਣਾਈ ਪਰ 84 ਦੇ ਪੀੜਤਾਂ ਤੇ ਸਿੱਖ ਕੈਦੀਆਂ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਦੇਸ਼ ਵਿਚ ਸਿੱਖ ਕੌਮ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।