
ਮੀਟਿੰਗ 'ਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ ਗਈ।
SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ 72 ਘੰਟੇ ਦੇ ਨੋਟਿਸ ਉਤੇ ਸੱਦੀ ਗਈ ਅੰਤ੍ਰਿਗ ਕਮੇਟੀ ਵਿਚ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸਰਕਾਰ ਨੂੰ ਆਰ ਜਾਂ ਪਾਰ ਦਾ ਫੈਸਲਾ ਲੈਣ ਲਈ ਕਿਹਾ ਹੈ।
ਮੀਟਿੰਗ 'ਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ ਗਈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਰਾਜੋਆਣਾ ਨਾਲ ਜੇਲ 'ਚ ਮੁਲਾਕਾਤ ਕੀਤੀ ਹੈ। ਰਾਜੋਆਣਾ ਨੇ ਕਿਹਾ ਉਹ 5 ਦਸੰਬਰ ਤੋਂ ਭੁੱਖ ਹੜਤਾਲ ਕਰਨ ਦਾ ਵਿਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ ਮੈਨੂੰ ਬੰਦੀ ਸਿੱਖਾਂ 'ਚ ਰੱਖ ਰਹੇ ਹੋ ਪਰ ਮੈਂ ਬੰਦੀ ਸਿੱਖਾਂ 'ਚ ਨਹੀਂ ਆਉਂਦਾ।
ਹਰਜਿੰਦਰ ਧਾਮੀ ਨੇ ਕਿਹਾ ਕਿ ਸਮੁੱਚੀ ਅੰਤ੍ਰਿਗ ਕਮੇਟੀ ਵਿਚ ਲੰਬੀਆਂ ਵਿਚਾਰਾਂ ਕਰਕੇ ਰਾਜੋਆਣਾ ਨੂੰ 5 ਦਸੰਬਰ ਨੂੰ ਭੁੱਖ ਹੜਤਾਲ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਥ ਵਲੋਂ ਪਿਛਲੇ ਸਮੇਂ ਵਿਚ 11 ਮੈਂਬਰੀ ਕਮੇਟੀ ਬਣਾਈ ਗਈ ਸੀ ਜੋ ਬੰਦੀ ਸਿੰਘਾਂ ਦੇ ਰਿਹਾਈ ਲਈ ਕਾਰਵਾਈਆਂ ਕਰ ਰਹੀ ਹੈ ਇਸੇ ਕਮੇਟੀ ਵਿਚੋਂ ਤਿੰਨ ਮੈਂਬਰ ਛੱਡ ਗਏ ਸਨ ਅਤੇ ਬਾਕੀ ਅੱਠ ਮੈਂਬਰ 2 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਇਕੱਤਰਤਾ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ।
ਹਰਜਿੰਦਰ ਧਾਮੀ ਨੇ ਕਿਹਾ ਕਿ ਅਸੀਂ ਕੌਮ ਦੇ ਵਧੇਰੇ ਹਿੱਤਾਂ ਨੂੰ ਵੇਖਦੇ ਹੋਏ, ਸਮੁੱਚੀ ਕੌਮ ਨੂੰ ਬੇਨਤੀ ਕਰਦੇ ਹਾਂ ਇਹ ਉਨ੍ਹਾਂ ਦਾ ਇਕੱਲਿਆਂ ਦਾ ਮਸਲਾ ਨਹੀਂ ਹੈ। ਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਇਕਸੁਰਤ ਹੋ ਕੇ ਕਦਮ ਚੁੱਕਣ ਤਾਂ ਜੋ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਨਸਾਫ ਮਿਲ ਸਕੇ।