
ਨਰਿੰਦਰ ਮੋਦੀ ਬਾਦਲ ਨੂੰ ਖ਼ੁਸ਼ ਰੱਖਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਕਰਵਾ ਰਹੇ.....
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਪ੍ਰਦੀਪ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਕਲਕੱਤਾ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਬੈਠਕ 'ਚ ਮੁੱਖ ਮਹਿਮਾਨ ਵਜੋਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪ੍ਰਧਾਨ ਪੰਥਕ ਅਕਾਲੀ ਦਲ ਪੁੱੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਬਾਦਲ ਪ੍ਰਵਾਰ ਨੇ ਮੀਰੀ-ਪੀਰੀ ਦਾ ਸਿਧਾਂਤ ਰੋਲ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ 'ਤੇ ਬਾਦਲਾਂ ਦਾ ਕਬਜ਼ਾ ਹੈ।
ਬਾਦਲ ਪ੍ਰਵਾਰ ਤੋਂ ਸਿੱਖ ਸੰਸਥਾਵਾਂ ਅਜ਼ਾਦ ਕਰਵਾਉਣੀਆਂ ਸੱਭ ਤੋਂ ਜ਼ਰੂਰੀ ਹਨ। ਪੰਥਕ ਅਕਾਲੀ ਦਲ ਸ਼੍ਰੋਮਣੀ ਕਮੇਟੀ ਚੋਣਾਂ ਸਾਰੀਆਂ ਸੀਟਾਂ 'ਤੇ ਲੜੇਗੀ। ਭਾਈ ਰਣਜੀਤ ਸਿੰਘ ਨੇ ਪੰਥ ਤੇ ਗ੍ਰੰਥ ਦੇ ਸਿਧਾਂਤ ਦੀ ਵਕਾਲਤ ਕਰਦਿਆਂ ਕਿਹਾ ਕਿ ਬਾਦਲਾਂ ਨੇ ਵੋਟਾਂ ਖ਼ਾਤਰ ਸੌਦਾ ਸਾਧ ਅੱਗੇ ਗੋਡੇ ਟੇਕੇ। ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਬਾਦਲ ਨੂੰ ਖ਼ੁਸ਼ ਰੱਖਣ ਲਈ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਕਰਵਾ ਰਹੇ। ਲੋਕ ਸਭਾ ਚੋਣਾਂ ਬਾਅਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਬਾਦਲ ਵਿਰੋਧੀ ਲਹਿਰ ਵਿੱਢੀ ਜਾਵੇਗੀ।
ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸੌਦਾ ਸਾਧ ਦਾ ਪੱਲਾ ਫੜਨ ਵਾਲੇ ਬਾਦਲਾਂ ਦਾ ਸਾਥ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਬਾਦਲਾਂ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਤਵਾਜ਼ੀ ਜਥੇਦਾਰਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ। ਭਾਈ ਰਣਜੀਤ ਸਿੰਘ ਨੇ ਬੇਅਦਬੀ ਮਸਲੇ 'ਤੇ ਗੱਲ ਕਰਦਿਆਂ ਬਾਦਲਾਂ ਤੇ ਅਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ 'ਸਿਟ' ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਨੂੰ ਸਲਾਖਾਂ ਪਿਛੇ ਕਰੇ। ਉਨ੍ਹਾਂ ਕਿਹਾ ਬੇਅਦਬੀ ਮਸਲੇ 'ਚ ਸਾਬਕਾ ਜਥੇਦਾਰ ਗਿ.ਗੁਰਬਚਨ ਸਿੰਘ ਨੂੰ 'ਸਿਟ' ਅੱਗੇ ਖ਼ੁਦ ਪੱਖ ਰੱਖਣਾ ਚਾਹੀਦਾ ਹੈ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।