
ਸ਼ਤਾਬਦੀ ਸਮਾਗਮਾਂ ਬਾਰੇ ਸੰਗਤਾਂ ਨੂੰ ਸੁਚੇਤ ਕਰਨ ਵਿਚ 'ਸਪੋਕਸਮੈਨ' ਦੀ ਪਹਿਲਕਦਮੀ
ਕੋਟਕਪੂਰਾ (ਗੁਰਿੰਦਰ ਸਿੰਘ) : ਸਾਲ 2019 ਵਿਚ ਅਨੇਕਾਂ ਪੰਥਕ ਮੁੱਦਿਆਂ, ਸਰਗਰਮੀਆਂ ਅਤੇ ਵਿਵਾਦਾਂ ਕਾਰਨ ਵੀ ਚਰਚਾ ਰਿਹਾ। ਇਸ ਸਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਹੋਰ ਮੀਡੀਏ ਨਾਲੋਂ 'ਰੋਜ਼ਾਨਾ ਸਪੋਕਸਮੈਨ' ਨੇ ਅਖ਼ਬਾਰ ਅਤੇ ਟੀਵੀ ਚੈਨਲ ਰਾਹੀਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਵਧਾਨ ਅਤੇ ਸੁਚੇਤ ਕਰਨ ਵਾਲੀ ਖੋਜ ਭਰਪੂਰ ਪੱਤਰਕਾਰੀ ਦਾ ਸਬੂਤ ਪੇਸ਼ ਕੀਤਾ।
ਅਰਥਾਤ ਸਪੋਕਸਮੈਨ ਨੇ ਅਜਿਹਾ ਸ਼ੀਸ਼ਾ ਸਾਰਿਆਂ ਸਾਹਮਣੇ ਰੱਖ ਦਿਤਾ ਜਿਸ ਰਾਹੀਂ ਦੇਸ਼ ਵਿਦੇਸ਼ 'ਚ ਵਸਦੇ ਹਰ ਨਾਗਰਿਕ ਨੂੰ ਬਕਾਇਦਾ ਅਹਿਸਾਸ ਹੋ ਗਿਆ ਕਿ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਇਨ੍ਹਾਂ ਦੀਆਂ ਭਾਈਵਾਲ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਸ਼ਤਾਬਦੀ ਦੇ ਨਾਂਅ 'ਤੇ ਫ਼ਜ਼ੂਲ ਦੇ ਅਡੰਬਰ ਰਚਦੀਆਂ ਆ ਰਹੀਆਂ ਹਨ, ਹਰ ਸ਼ਤਾਬਦੀ ਮੌਕੇ ਅਪਣੇ ਸਿਆਸੀ ਅਕਾਵਾਂ ਅਤੇ ਦਿੱਲੀ ਦੇ ਹਾਕਮਾਂ ਨੂੰ ਖ਼ੁਸ਼ ਕਰਨ ਲਈ ਸੰਗਤਾਂ ਦੇ ਖ਼ੂਨ ਪਸੀਨੇ ਦੀ ਕਮਾਈ ਅਰਥਾਤ ਗੋਲਕਾਂ ਦਾ ਕਰੋੜਾਂ ਰੁਪਏ ਦਾ ਚੜ੍ਹਾਵਾ ਪਾਣੀ ਵਾਂਗ ਵਹਾਇਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੜਕਾਂ 'ਤੇ ਘੁਮਾ ਕੇ ਕਰੋੜਾਂ ਰੁਪਿਆ ਇਕੱਠਾ ਕਰਨ ਤੋਂ ਬਾਅਦ ਉਸ ਦੀ ਸੰਗਤ ਨੂੰ ਜਾਣਕਾਰੀ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ, ਵਿਰੋਧੀ ਦੇ ਮੁਕਾਬਲੇ ਅਪਣੇ ਸਿਆਸੀ ਆਕਾ ਬਾਦਲ ਪ੍ਰਵਾਰ ਨੂੰ ਖ਼ੁਸ਼ ਕਰਨ ਲਈ 12 ਕਰੋੜ ਰੁਪਏ ਦੀ ਵਖਰੀ ਸਟੇਜ ਲਾਈ ਜਾਂਦੀ ਹੈ, ਵਿਦਵਾਨਾਂ ਦੀ ਸਲਾਹ ਲੈਣ ਜਾਂ ਸਿੱਖੀ ਦੇ ਨਿਆਰੇਪਣ ਵਿਰੁਧ ਦੁਸ਼ਮਣ ਤਾਕਤਾਂ ਦੀਆਂ ਸਾਜ਼ਸ਼ਾਂ ਤੇ ਕਾਰਵਾਈਆਂ ਬਾਰੇ ਕੋਈ ਜ਼ਿਕਰ ਨਹੀਂ ਹੁੰਦਾ।
'ਰੋਜ਼ਾਨਾ ਸਪੋਕਸਮੈਨ' ਨੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ 550ਵੀਂ ਸ਼ਤਾਬਦੀ ਦੇ ਸਮਾਗਮਾਂ ਤੋਂ ਪਹਿਲਾਂ ਹੀ ਸੰਗਤਾਂ ਨੂੰ ਕਈ ਹੈਰਾਨੀਜਨਕ ਗੱਲਾਂ ਤੋਂ ਜਾਣੂ ਕਰਵਾ ਦਿਤਾ ਸੀ ਜਿਸ ਕਰ ਕੇ ਸ਼ਤਾਬਦੀ ਸਮਾਗਮਾਂ ਦੌਰਾਨ ਦੇਸ਼ ਵਿਦੇਸ਼ 'ਚ ਰੋਜ਼ਾਨਾ ਸਪੋਕਸਮੈਨ ਦੀ ਖੋਜੀ ਅਤੇ ਦਲੇਰਾਨਾ ਪੱਤਰਕਾਰੀ ਦੀ ਚਰਚਾ ਹੁੰਦੀ ਰਹੀ।
550ਵੇਂ ਸ਼ਤਾਬਦੀ ਸਮਾਗਮਾਂ 'ਚ ਤਖ਼ਤਾਂ ਦੇ ਜਥੇਦਾਰਾਂ ਨੇ ਜਾਣੇ ਅਨਜਾਣੇ ਪੰਥ ਤੋਂ ਦੂਰ ਹੋ ਗਏ ਜਾਂ ਕਰ ਦਿਤੇ ਗਏ ਵਿਦਵਾਨਾਂ ਅਤੇ ਪੰਥਦਰਦੀਆਂ ਨੂੰ ਦੁਬਾਰਾ ਪੰਥ ਨਾਲ ਜੋੜਨ ਅਰਥਾਤ ਪੰਥ 'ਚ ਸ਼ਾਮਲ ਕਰਨ ਦੀ ਛੇੜੀ ਚਰਚਾ ਨੇ ਉਸ ਵੇਲੇ ਨਵਾਂ ਮੌੜ ਲੈ ਲਿਆ, ਜਦੋਂ ਤਖ਼ਤਾਂ ਦੇ ਜਥੇਦਾਰਾਂ ਉਪਰ ਅੰਦਰਖਾਤੇ ਪੈ ਰਹੇ ਸਿਆਸੀ ਦਬਾਅ ਦਾ ਪ੍ਰਗਟਾਵਾ ਹੋਇਆ ਕਿ ਮਾਫ਼ੀ ਦੀ ਆੜ 'ਚ ਆਚਰਣਹੀਣਤਾ ਕਾਰਨ ਪੰਥ 'ਚੋਂ ਛੇਕੇ ਗਏ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਚਰਨਜੀਤ ਸਿੰਘ ਚੱਢਾ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਸੁੱਚਾ ਸਿੰਘ ਲੰਗਾਹ ਨੂੰ ਵਾਪਸ ਪੰਥ 'ਚ ਸ਼ਾਮਲ ਕਰਨ ਦੀ ਵਿਉਂਤਬੰਦੀ ਕੀਤੀ ਜਾ ਚੁੱਕੀ ਹੈ।
ਭਾਵੇਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਏ ਰਾਹੀਂ ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਹਰਜਿੰਦਰ ਸਿੰਘ ਦਿਲਗੀਰ ਵਰਗਿਆਂ ਨੂੰ ਵੀ ਵਾਪਸ ਪੰਥ 'ਚ ਸ਼ਾਮਲ ਕਰਨ ਦੀ ਚਰਚਾ ਚਲਦੀ ਰਹੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਕੁੱਝ ਵਿਦਵਾਨਾਂ ਤੇ ਚਿੰਤਕਾਂ ਨੇ ਸਵਾਲ ਵੀ ਪੁੱਛਣੇ ਚਾਹੇ ਕਿ ਉਪਰੋਕਤ ਵਿਦਵਾਨਾਂ ਵਿਰੁਧ ਹੁਕਮਨਾਮੇ ਜਾਰੀ ਕਰਨ ਦਾ ਆਖ਼ਰ ਕੀ ਕਾਰਨ ਸੀ?
ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਪਹਿਲਾਂ ਵਾਲੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਤੌਰ 'ਜਥੇਦਾਰ' ਖ਼ੁਦ ਫ਼ੋਨ ਕਰ ਕੇ ਸ. ਜੋਗਿੰਦਰ ਸਿੰਘ ਸਪੋਕਸਮੈਨ ਕੋਲ ਮੰਨ ਚੁੱਕੇ ਹਨ ਕਿ ਸਪੋਕਸਮੈਨ ਜਾਂ ਜੋਗਿੰਦਰ ਸਿੰਘ ਦਾ ਕੋਈ ਕਸੂਰ ਨਹੀਂ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਸੇ ਦਬਾਅ ਕਾਰਨ ਜਾਂ ਕਿੜ ਕੱਢਣ ਦੀ ਮਨਸ਼ਾ ਨਾਲ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਦੁਰਵਰਤੋਂ ਕੀਤੀ ਹੈ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਅਪਣੇ ਤੋਂ ਪਹਿਲੇ 'ਜਥੇਦਾਰ' ਦੀਆਂ ਕਹੀਆਂ ਗੱਲਾਂ ਤੋਂ ਮੁਨਕਰ ਕਿਵੇਂ ਹੋ ਸਕਦੇ ਹਨ?
ਨਵੀਂ ਚਰਚਾ ਛਿੜਨ ਨਾਲ ਚੱਢਾ ਅਤੇ ਲੰਗਾਹ ਨੂੰ ਆਮ ਮਾਫ਼ੀ ਦੇਣ ਵਾਲੀ ਕਹਾਣੀ ਨਵਾਂ ਮੌੜ ਲੈ ਗਈ ਤੇ 'ਜਥੇਦਾਰਾਂ' ਨੂੰ ਉਕਤ ਮਾਮਲਾ ਠੰਢੇ ਬਸਤੇ 'ਚ ਪਾਉਣਾ ਪਿਆ। ਹੁਣ ਤਖ਼ਤਾਂ ਦੇ ਜਥੇਦਾਰਾਂ ਵਲੋਂ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਪੰਥ 'ਚੋਂ ਛੇਕਣ ਅਰਥਾਤ ਉਨ੍ਹਾਂ ਵਿਰੁਧ ਹੁਕਮਨਾਮਾ ਜਾਰੀ ਕਰਨ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ।
ਸ਼ਾਇਦ ਤਖ਼ਤਾਂ ਦੇ ਜਥੇਦਾਰ ਅਜੇ ਢਡਰੀਆਂ ਵਾਲੇ ਨੂੰ ਪੰਥ 'ਚੋਂ ਛੇਕਣ ਦੀ ਗ਼ਲਤੀ ਕਰਨ ਤੋਂ ਕਤਰਾ ਰਹੇ ਹਨ ਕਿਉਂਕਿ ਪਹਿਲਾਂ ਵਾਲੇ ਹੁਕਮਨਾਮਿਆਂ ਦੇ ਬਾਵਜੂਦ ਸੰਗਤਾਂ ਪੰਥ 'ਚੋਂ ਛੇਕੇ ਗਏ ਵਿਦਵਾਨਾਂ ਅਤੇ ਪ੍ਰਚਾਰਕਾਂ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ ਅਤੇ ਉਕਤ ਵਿਦਵਾਨਾਂ ਵਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਜਵਾਬਦੇਹ ਬਣਾਉਣ ਲਈ ਅਨੇਕਾਂ ਅਜਿਹੇ ਸਵਾਲ ਕੀਤੇ ਹਨ ਜਿਨ੍ਹਾਂ ਦਾ ਜਵਾਬ ਨਾ ਤਾਂ ਤਖ਼ਤਾਂ ਦੇ ਜਥੇਦਾਰਾਂ ਕੋਲ ਹੈ, ਨਾ ਉਨ੍ਹਾਂ ਦੇ ਸਿਆਸੀ ਆਕਾਵਾਂ ਕੋਲ, ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕੋਈ ਅਹੁਦੇਦਾਰ ਜਾਂ ਮੈਂਬਰ ਐਨੀ ਜੁਰਅੱਤ ਰੱਖਦਾ ਹੈ ਕਿ ਉਹ ਉਕਤ ਵਿਦਵਾਨਾਂ ਦੀ ਗੱਲ ਦਾ ਸਾਹਮਣਾ ਕਰ ਸਕੇ।