
ਪੀੜਤ ਪ੍ਰਵਾਰਾਂ ਵਲੋਂ ਸਰਕਾਰ ਅਤੇ ਅਦਾਲਤ ਤੋਂ ਜਲਦ ਇਨਸਾਫ਼ ਦੀ ਮੰਗ
ਕੋਟਕਪੂਰ (ਗੁਰਿੰਦਰ ਸਿੰਘ) : ਕੈਪਟਨ ਸਰਕਾਰ ਵਲੋਂ ਗਠਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸ.ਆਈ.ਟੀ. ਦੀਆਂ ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਪੁਲਿਸੀਆ ਗੋਲੀਕਾਂਡ ਦੀਆਂ ਆਈਆਂ ਜਾਂਚ ਰੀਪੋਰਟਾਂ ਨਾਲ ਪੀੜਤ ਪ੍ਰਵਾਰਾਂ ਅਤੇ ਪੰਥਦਰਦੀਆਂ ਨੂੰ ਆਸ ਬੱਝੀ ਸੀ ਕਿ ਸਾਲ 2020 ਵਿਚ ਪੀੜਤ ਪ੍ਰਵਾਰਾਂ ਨੇ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ।
Beadbi Kand
ਪਰ ਅੱਜ ਇਸ ਸਾਲ ਦਾ ਆਖ਼ਰੀ ਦਿਨ ਅਰਥਾਤ 31 ਦਸੰਬਰ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਮਾਪਿਆਂ ਨੇ ਦੁਖੀ ਮਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਬੇਅਦਬੀ ਅਤੇ ਗੋਲੀਕਾਂਡ ਨਾਲ ਸਬੰਧਤ ਦੋਸ਼ੀਆਂ ਦੀ ਸ਼ਨਾਖ਼ਤ ਹੋ ਗਈ ਹੋਵੇ, ਉਨ੍ਹਾਂ ਅਦਾਲਤਾਂ ਵਿਚ ਅਪਣੇ ਇਕਬਾਲੀਆ ਬਿਆਨ ਵੀ ਦਰਜ ਕਰਵਾ ਦਿਤੇ, ਪੰਜਾਬ ਵਿਧਾਨ ਸਭਾ ਦੇ ਲੰਮੇ ਸੈਸ਼ਨ ਵਿਚ ਬਹਿਸ ਅਤੇ ਵਿਚਾਰਾਂ ਵੀ ਦੁਨੀਆਂ ਭਰ ’ਚ ਬੈਠੇ ਪੰਜਾਬੀਆਂ ਨੇ ਟੀਵੀ ਚੈਨਲਾਂ ਰਾਹੀਂ ਲਾਈਵ ਦੇਖੀਆਂ ਹੋਣ ਤਾਂ ਫਿਰ ਵੀ ਇਨਸਾਫ਼ ਦੀ ਆਸ ਧੁੰਦਲੀ ਪੈਣਾ ਦੁਖਦਾਇਕ, ਅਫਸੋਸਨਾਕ ਅਤੇ ਚਿੰਤਾਜਨਕ ਹੈ।
Captain Amarinder Singh
ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ 1 ਜੂਨ 2018 ਨੂੰ ਬਰਗਾੜੀ ਵਿਖੇ ਇਨਸਾਫ਼ ਮੋਰਚਾ ਆਰੰਭ ਹੋਇਆ ਤਾਂ 9 ਦਸੰਬਰ 2018 ਨੂੰ ਕੈਪਟਨ ਸਰਕਾਰ ਦੇ ਦੋ ਮੰਤਰੀਆਂ ਨੇ 6 ਕਾਂਗਰਸੀ ਵਿਧਾਇਕਾਂ, ਹਜ਼ਾਰਾਂ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਇਹ ਵਿਸ਼ਵਾਸ ਦਿਵਾਉਂਦਿਆਂ ਇਨਸਾਫ਼ ਮੋਰਚੇ ਦੀ ਸਮਾਪਤੀ ਕਰਵਾਈ ਸੀ ਕਿ ਹੁਣ ਬੇਅਦਬੀ ਕਾਂਡ ਨਾਲ ਸਬੰਧਤ ਦੋਸ਼ੀ ਪੁਲਿਸ ਦੇ ਕਬਜ਼ੇ ਵਿਚ ਹਨ, ਗੋਲੀਕਾਂਡ ਦੇ ਦੋਸ਼ੀਆਂ ਦੀ ਲਗਭਗ ਸ਼ਨਾਖ਼ਤ ਹੋ ਚੁੱਕੀ ਹੈ, ਦੋਸ਼ੀਆਂ ਨੂੰ ਜੇਲਾਂ ਤੋਂ ਬਾਹਰ ਨਹੀਂ ਆਉਣ ਦਿਤਾ ਜਾਵੇਗਾ ਪਰ ਕਿਸੇ ਵੀ ਵਾਅਦੇ ’ਤੇ ਅਮਲ ਨਹੀਂ ਹੋਇਆ।
SIT
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਐਡਵੋਕੇਟ ਜਨਰਲ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਆਖ਼ਰ ਐਸਆਈਟੀ ਵਲੋਂ ਪੇਸ਼ ਕੀਤੇ ਜਾ ਚੁੱਕੇ 6 ਚਲਾਨਾਂ ਦੇ ਬਾਵਜੂਦ ਵੀ ਗਵਾਹਾਂ ਦੇ ਟਰਾਇਲ ਕਿਉਂ ਸ਼ੁਰੂ ਨਹੀਂ ਹੋਏ? ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕੇਸ ਲਮਕਾਉਣ ਨਾਲ ਗਵਾਹਾਂ ਨੂੰ ਦਬਾਅ ਪਾ ਕੇ ਮੁਕਰਾਇਆ ਜਾ ਸਕਦਾ ਹੈ, ਗਵਾਹਾਂ ਦੀ ਮੌਤ ਵੀ ਹੋ ਸਕਦੀ ਹੈ ਪਰ ਜੇਕਰ ਕੈਪਟਨ ਸਰਕਾਰ ਸੱਚੇ ਦਿਲੋਂ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਵਾਅਵਾ ਪੁਗਾਉਣਾ ਚਾਹੁੰਦੀ ਹੈ ਤਾਂ ਉਕਤ ਕੇਸ ਸਬੰਧੀ ਟਰਾਇਲ ਜਲਦ ਸ਼ੁਰੂ ਕੀਤੇ ਜਾਣ।