ਅਜਨਾਲਾ, 21 
ਸਤੰਬਰ (ਸੁਖਦੇਵ ਸਿੰਘ ਤੇੜਾ): ਬੀਤੇ ਦਿਨੀਂ ਸ੍ਰੀ ਗੁਰੁ ਗੋਬਿੰਦ ਸਾਹਿਬ ਜੀ ਵਿਰੁਧ 
ਲਿਖੀ ਪੋਸਟ ਨੂੰ ਵਟਸਐਪ ਅਤੇ ਫ਼ੇਸਬੁਕ  'ਤੇ ਪਾਉਣ ਵਾਲੇ ਲਖਨਪਾਲ ਸ਼ਰਮਾ ਨੇ ਅੱਜ ਸਿੱਖ 
ਸੰਗਤ ਤੋਂ ਮੁਆਫ਼ੀ ਮੰਗ ਲਈ। ਸਿੱਖਾਂ ਦੇ ਰੋਹ ਅੱਗੇ ਝੁਕਦਿਆਂ ਅਜਨਾਲਾ ਦੇ ਰਹਿਣ ਵਾਲੇ 
ਲਖਨਪਾਲ ਸ਼ਰਮਾ ਨੇ ਅੱਜ ਇਥੇ ਦਮਦਮੀ ਟਕਸਾਲ ਅਜਨਾਲਾ ਵਿਖੇ ਸਿੱਖ ਜਥੇਬੰਦੀਆਂ ਦੇ ਆਗੂਆਂ 
ਦੀ ਹਾਜ਼ਰੀ ਵਿਚ ਮੁਆਫ਼ੀ ਮੰਗ ਕੇ ਪਸ਼ਚਾਤਾਪ ਕਰਦਿਆਂ ਪ੍ਰਣ ਕੀਤਾ ਕਿ ਉਹ ਅੱਗੇ ਤੋਂ ਅਜਿਹਾ 
ਨਹੀਂ ਕਰੇਗਾ ਅਤੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕਰੇਗਾ ਕਿ ਕਿਸੇ ਵੀ ਧਰਮ ਵਿਰੁਧ ਕੋਈ 
ਪੋਸਟ ਨਾ ਪਾਈ ਜਾਵੇ ਅਤੇ ਜੇ ਕੋਈ ਸ਼ਰਾਰਤੀ ਅਨਸਰ ਅਜਿਹਾ ਕਰਦਾ ਹੈ ਤਾਂ ਉਸ ਦੀ ਅਜਿਹੀ 
ਪੋਸਟ ਨੂੰ ਅੱਗੇ ਨਾ ਤੋਰਿਆ ਜਾਵੇ।  ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ 
ਇਸ ਨੌਜਵਾਨ ਨੇ ਮੁਆਫ਼ੀ ਮੰਗ ਲਈ ਹੈ, ਇਸ ਲਈ ਸਿੱਖ ਕੌਮ ਇਸ ਨੂੰ ਮੁਆਫ ਕਰ ਦੇਵੇ ਤਾਕਿ ਇਸ
 ਘਟਨਾ ਸਬੰਧੀ ਕੋਈ ਵਿਵਾਦ ਨਾ ਪੈਦਾ ਹੋਵੇ। 
                    
                