
ਅਧਿਆਏ - 32
ਸਿਰੀ ਰਾਗੁ ਮਹਲਾ ੧
ਧਾਤੁ ਮਿਲੈ ਫੁਨਿ ਧਾਤੁ ਕਉ, ਸਿਫਤੀ ਸਿਫਤਿ ਸਮਾਇ।।
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ।।
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ।।੧।।
ਭਾਈ ਰੇ ਸੰਤ ਜਨਾ ਕੀ ਰੇਣੁ।।
ਸੰਤ ਸਭਾ ਗੁਰੁ ਪਾਈਐ
ਮੁਕਤਿ ਪਦਾਰਥੁ ਧੇਣੁ ।।੧।। ਰਹਾਉ।।
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ।।
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ।।
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ।।੨।।
ਤ੍ਰਿਬਿਧ ਕਰਮ ਕਮਾਈਅਹਿ ਆਸ ਅੰਦੇਸਾ ਹੋਇ।।
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ
ਸਹਜਿ ਮਿਲਿਐ ਸੁਖੁ ਹੋਇ।।
ਨਿਜ ਘਰਿ ਮਹਲੁ ਪਛਾਣੀਐ
ਨਦਰਿ ਕਰੇ ਮਲੁ ਧੋਇ ।।੩।।
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ।।
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ।।
ਨਾਨਕ ਦੇਖਿ ਦਿਖਾਈਐ
ਹਉ ਸਦ ਬਲਿਹਾਰੈ ਜਾਸੁ ।।੪।।੧੨।।
ਇਸ ਪਾਵਨ ਸ਼ਬਦ ਵਿਚ, ਨੋਟ ਕੀਤਾ ਜਾਏ, ਦੋ ਸੰਦੇਸ਼ ਉਚਾਰਣ ਕੀਤੇ ਹੋਏ ਲਗਦੇ ਹਨ ਜਿਨ੍ਹਾਂ ਦੇ ਵੱਖ ਵੱਖ ਅੱਖਰੀ ਅਰਥ ਲੈ ਕੇ (ਭਾਵਨਾ ਦੀ ਵਿਚਾਰ ਕੀਤੇ ਬਿਨਾਂ), ਦੋ ਕਿਸਮ ਦੇ ਲੋਕ ਆਪੋ ਅਪਣੇ ਨਜ਼ਰੀਏ ਨੂੰ ਸਹੀ ਸਿਧ ਕਰਨ ਲਈ ਇਨ੍ਹਾਂ ਨੂੰ ਵਰਤ ਲੈਂਦੇ ਹਨ। ਭਾਵਨਾ ਦਾ ਬਿਆਨ ਤਾਂ ਬਾਬੇ ਨਾਨਕ ਨੇ ਪਹਿਲੀਆਂ ਦੋ ਸਤਰਾਂ ਵਿਚ ਹੀ ਕਰ ਦਿਤਾ ਹੈ ਜਦੋਂ ਆਪ ਫ਼ਰਮਾਉਂਦੇ ਹਨ ਕਿ ਧਾਤ ਵਿਚ ਧਾਤ ਰਲ ਕੇ ਜਿਵੇਂ ਦੋ ਧਾਤਾਂ ਇਕ ਧਾਤ ਦਾ ਰੂਪ ਲੈ ਲੈਂਦੀਆਂ ਹਨ, ਇਸੇ ਤਰ੍ਹਾਂ ਉਸ ਨੂੰ ਪਿਆਰ ਕਰਨ ਵਾਲੇ ਵੀ ਉਸ 'ਇਕ' ਵਿਚ ਅਭੇਦ ਹੋ ਜਾਂਦੇ ਹਨ।
ਗਹਿਣੇ ਤਿਆਰ ਕਰਨ ਲਈ ਸੋਨੇ ਵਿਚ ਤਾਂਬਾ ਤੇ ਹੋਰ ਧਾਤਾਂ ਮਿਲਾਈਆਂ ਜਾਂਦੀਆਂ ਹਨ ਪਰ ਕਿਸੇ ਨੇ ਇਹ ਤਾਂ ਕਦੇ ਨਹੀਂ ਕਿਹਾ ਕਿ ਇਹ ਸੋਨੇ-ਤਾਂਬੇ ਦੇ ਜ਼ੇਵਰ ਹਨ। ਹਰ ਕੋਈ, ਇਹ ਜਾਣਦਾ ਹੋਇਆ ਵੀ ਕਿ ਜ਼ੇਵਰ ਖ਼ਾਲਸ ਸੋਨੇ ਦੇ ਬਣੇ ਹੋਏ ਨਹੀਂ, ਇਹੀ ਕਹਿਦਾ ਹੈ ਕਿ ਇਹ ਸੋਨੇ ਦੇ ਗਹਿਣੇ ਹਨ। ਪ੍ਰਭੂ ਦੇ ਭਗਤ ਵੀ ਸੱਚੇ ਪ੍ਰੇਮ ਰਾਹੀਂ ਉਸ ਇਕ ਵਿਚ ਵਿਲੀਨ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਵਖਰਾ ਨਾਂ ਲੈਣ ਦੀ ਲੋੜ ਨਹੀਂ ਰਹਿ ਜਾਂਦੀ।
ਪਿਆਰ ਦਾ ਸੂਹਾ ਰੰਗ ਹੁੰਦਾ ਹੀ ਏਨਾ ਗੂਹੜਾ ਹੈ ਕਿ ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਦੋ ਸਰੂਪਾਂ ਦਾ ਮਿਲਾਪ ਹੈ ਜਾਂ ਕਦੇ ਦੋ ਵੱਖ ਵੱਖ ਸਰੂਪ ਵੀ ਹੋਇਆ ਕਰਦੇ ਸਨ। ਸ਼ਬਦ ਦੀਆਂ ਪਹਿਲੀਆਂ ਦੋ ਸਤਰਾਂ ਵਿਚ ਇਹੀ ਸੰਦੇਸ਼ ਹੈ ਤੇ ਸ਼ਬਦ ਦੀਆਂ ਅੰਤਮ ਤੁਕਾਂ ਵਿਚ ਹੋਰ ਵੀ ਸਪੱਸ਼ਟ ਹੋ ਕੇ ਕਹਿ ਦਿਤਾ ਗਿਆ ਹੈ ''ਏਕੁ
ਸਬਦੁ ਵੀਚਾਰੀਐ ਅਵਰ ਤਿਆਗੈ ਆਸ।।
'ਇਨ੍ਹਾਂ ਦੁਹਾਂ (ਸ਼ਬਦ ਦੇ ਆਦਿ ਤੇ ਅੰਤ) ਨੂੰ ਇਕੱਠਿਆਂ ਪੜ੍ਹੀਏ ਤਾਂ ਭਾਵਨਾ ਬਾਰੇ ਕਿਸੇ ਅਲਪ-ਬੁੱਧੀ ਵਾਲੇ ਮਨੁੱਖ ਨੂੰ ਵੀ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਬਾਬਾ ਨਾਨਕ ਸੰਦੇਸ਼ ਦੇ ਰਹੇ ਹਨ ਕਿ ਸੱਚਾ ਪ੍ਰੇਮ ਕਰਨ ਵਾਲਾ ਜਗਿਆਸੂ ਉਹੀ ਹੈ। ਜੋ ਪ੍ਰਮਾਤਮਾ ਨਾਲ ਮਿਲਣ ਦੀ ਤਾਂਘ ਉਸ ਤਰ੍ਹਾਂ ਹੀ ਲੋਚਦਾ ਹੈ ਜਿਵੇਂ ਦੋ ਧਾਤਾਂ ਆਪਸ ਵਿਚ ਮਿਲ ਕੇ, ਇਕ ਧਾਤ ਬਣ ਜਾਂਦੀਆਂ ਹਨ ਤੇ ਵਖਰੀ ਪਛਾਣ ਹੀ ਖ਼ਤਮ ਹੋ ਜਾਂਦੀ ਹੈ। ਅਜਿਹਾ ਹੋਵੇ ਕਿਵੇਂ ਤੇ ਬੰਦਾ ਕੀ ਕਰੇ? ਅਜਿਹਾ ਪ੍ਰਸ਼ਨ ਪੁੱਛਣ ਵਾਲੇ ਨੂੰ ਬਾਬੇ ਨਾਨਕ ਦਾ ਸੰਦੇਸ਼ ਹੈ :
''ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ।।''
ਪਰ ਅੱਖਰਾਂ ਦੇ ਅਰਥ ਕਰਨ ਵਾਲਿਆਂ ਨੂੰ ਸਾਰੇ ਸ਼ਬਦ ਦੀ ਭਾਵਨਾ ਸਮਝ ਨਹੀਂ ਆਉਂਦੀ ਤੇ ਉਹ ਵਿਚੋਂ ਵਿਚੋਂ ਸੱਤਰਾਂ ਲੱਭ ਕੇ, ਅਪਣੇ ਸੁਆਰਥ ਲਈ ਵਰਤ ਲੈਂਦੇ ਹਨ ਤੇ ਅਜਿਹਾ ਕਰਨ ਲਈ ਅੱਖਰਾਂ ਦੇ ਅਰਥ ਕਰਦੇ ਹਨ, ਸ਼ਬਦ ਦੀ ਭਾਵਨਾ ਨਹੀਂ ਵਿਚਾਰਦੇ। ਮਿਸਾਲ ਦੇ ਤੌਰ ਤੇ, ਲੰਮੇ ਚੋਲੇ ਤੇ ਗੋਲ ਪੱਗ ਵਾਲਾ ਕੋਈ ਸੱਜਣ ਅਪਣੇ ਆਪ ਨੂੰ ਆਪੇ ਹੀ 'ਸੰਤ' ਕਹਿ ਲੈਂਦਾ ਹੈ (ਲਿਬਾਸ ਦੇ ਸਹਾਰੇ) ਤੇ ਇਸੇ ਸ਼ਬਦ ਦੀਆਂ ਇਹ ਪੰਕਤੀਆਂ ਦੁਹਰਾਉਣ ਲਗਦਾ ਹੈ:
ਭਾਈ ਰੇ ਸੰਤ ਜਨਾ ਕੀ ਰੇਣੁ।।
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥ ਧੇਣੁ।।
ਅਜਿਹੇ ਠੱਗ ਲੋਕ ਜਿਨ੍ਹਾਂ ਨੇ ਜਗਿਆਸੂਆਂ ਨੂੰ ਪ੍ਰਭੂ ਪ੍ਰਮਾਤਮਾ ਨਾਲ ਜੋੜਨ ਦੀ ਬਜਾਏ ਕੇਵਲ ਅਪਣੇ ਨਾਲ ਜੋੜਨਾ ਹੁੰਦਾ ਹੈ, ਉਹ ਇਨ੍ਹਾਂ ਪੰਕਤੀਆਂ ਦੀ ਵਰਤੋਂ, ਅਪਣੀ ਸੋਭਾ ਲਈ ਕਰ ਲੈਂਦੇ ਹਨ ਤੇ ਲੋਕਾਂ ਨੂੰ ਇਹੀ ਸੰਦੇਸ਼ ਦੇਂਦੇ ਹਨ ਕਿ ਵੇਖੋ ਭਾਈ, ਬਾਬੇ ਨਾਨਕ ਨੇ ਵੀ ਲਿਖਿਆ ਹੈ ਕਿ ''ਸਾਡੇ ਵਰਗੇ 'ਸੰਤਾਂ' ਦੇ ਪੈਰਾਂ ਦੀ ਖ਼ਾਕ (ਰੇਣੁ) ਮੱਥੇ ਤੇ ਲਾਈਏ ਤੇ ਸਾਡੀ ਸੰਗਤ ਵਿਚ ਰਹੀਏ ਤਾਂ ਹੀ ਗੁਰੂ (ਕੋਈ ਮਨੁੱਖ) ਪ੍ਰਾਪਤ ਹੁੰਦਾ ਹੈ ਤੇ ਕਾਮਧੇਨ ਗਊ ਦੀਆਂ ਸਾਰੀਆਂ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਹਨ।''
ਚਲਦਾ...