
ਚੰਡੀਗੜ੍ਹ, 17 ਜਨਵਰੀ (ਤਰੁਣ ਭਜਨੀ): ਸ਼ਹਿਰ ਵਿਚ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਪੁਲਿਸ ਜ਼ਿਆਦਾਤਰ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਫ਼ੇਲ ਸਾਬਤ ਹੋਈ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਵਿਚ ਲੁੱਟ-ਖੋਹ ਕਰਨ ਵਾਲਿਆਂ ਨੇ ਪੁਲਿਸ ਦੀ ਨੀਂਦ ਹਰਾਮ ਕੀਤੀ ਹੋਈ ਹੈ। ਐਸਐਸਪੀ ਨਿਲਾਂਬਰੀ ਵਿਜੇ ਜਗਦਲੇ ਨੂੰ ਇਥੇ ਚਾਰਜ ਸੰਭਾਲੇ ਨੂੰ ਲਗਭਗ 6 ਮਹੀਨੇ ਹੋ ਗਏ ਹਨ, ਪਰ ਸ਼ਹਿਰ 'ਚ ਅਪਰਾਧਕ ਵਾਰਦਾਤਾਂ ਦਾ ਸਿਲਸਲਾ ਉਸੇ ਤਰਾਂ ਜਾਰੀ ਹੈ। ਨਵੀਂ ਐਸਐਸਪੀ ਵੀ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਬਣਾ ਸਕੀ। ਸ਼ਹਿਰ 'ਚ ਸਨੈਚਿੰਗ, ਵਾਹਨ ਚੋਰੀ, ਵਾਹਨਾਂ ਦੇ ਟਾਇਰ ਚੋਰੀ ਅਤੇ ਘਰਾਂ ਵਿਚ ਚੋਰੀ ਦੇ ਸੱਭ ਤੋਂ ਵਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਔਰਤਾਂ ਵੀ ਘਰ ਤੋਂ ਬਾਹਰ ਨਿਕਣਣ ਸਮੇਂ ਗਹਿਣੇ ਆਦਿ ਲਾਹ ਕੇ ਨਿਕਲ ਰਹੀਆਂ ਹਨ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਇਨ੍ਹਾਂ ਬਦਮਾਸ਼ਾਂ ਨੂੰ ਫੜਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਸ਼ਹਿਰ ਦੇ ਲੋਕ ਸਨੈਚਿੰਗ ਤੋਂ ਤਾਂ ਪ੍ਰੇਸ਼ਾਨ ਹੀ ਹਨ ਪਰ ਹੁਣ ਵਾਹਨ ਚੋਰੀ ਦੇ ਮਾਮਲਿਆਂ ਵਿਚ ਵੀ ਵਾਧਾ ਹੋਇਆ ਹੈ। ਇਸਤੋਂ ਇਲਾਵਾ ਅਜਿਹੇ ਕਈਂ ਮਾਮਲੇ ਹਨ ਜਦ ਖਾਲੀ ਘਰ ਵੇਖ ਕੇ ਚੋਰ ਤਾਲਾ ਤੋੜਕੇ ਘਰ ਦਾ ਸਾਰਾ ਸਮਾਨ ਸਾਫ਼ ਕਰ ਦਿੰਦੇ ਹਨ।
ਬੀਤੇ ਹਫ਼ਤੇ ਸੈਕਟਰ 33 ਸਥਿਤ ਇਕ ਕੋਠੀ ਵਿਚ ਲੁਟੇਰੇ ਪਿਸਤੋਲ ਦੀ ਨੋਕ ਤੇ ਪਰਵਾਰ ਵਾਲਿਆਂ ਤੋਂ ਡੇਢ ਕਰੋੜ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਸਨ। ਪੁਲਿਸ ਨੂੰ ਇਸ ਮਾਮਲੇ ਵਿਚ ਹਾਲੇ ਤਕ ਕੋਈ ਸੁਰਾਗ ਹੱਥ ਨਹੀ ਲੱਗਾ। ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿਚ ਮੁਟਿਆਰ ਤੋਂ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਲੈ ਗਏ। ਪਰਸ ਵਿਚ ਇਕ ਲੱਖ ਰੁਪਏ ਨਗਦ ਸੀ। ਇਸ ਮਾਮਲੇ ਵਿਚ ਵੀ ਪੁਲਿਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਤੋਂ ਇਲਾਵਾ ਰੋਜ਼ਾਨਾ ਹੋ ਰਹੀ ਖੋ ਦੀਆਂ ਵਾਰਦਾਤਾਂ ਕਾਰਨ ਤਾਂ ਲੋਕ ਪ੍ਰੇਸ਼ਾਨ ਹੀ ਹਨ। ਹੈਰਾਨੀ ਹੈ ਕਿ ਪੀਸੀਆਰ ਵਿੰਗ ਵਿਚ ਕਰੀਬ 60 ਪੀਸੀਆਰ ਚੁਰਾਹੇ ਅਤੇ ਲਾਇਟ ਪੁਆਇੰਟ 'ਤੇ ਖੜੀਆਂ ਹੁੰਦੀ ਹਨ ਅਤੇ ਰਾਤ ਨੂੰ ਸੈਕਟਰਾਂ ਦੇ ਅੰਦਰ ਪੈਟਰੋਲਿੰਗ ਕਰਦੇ ਹਨ। ਇਸ ਦੇ ਬਾਵਜੂਦ ਘਰਾਂ ਵਿਚ ਚੋਰੀਆਂ ਲਗਾਤਾਰ ਜਾਰੀ ਹਨ। ਪੁਲੀਸ ਕਈਂ ਖੋਹ ਕਰਨ ਵਾਲੇ ਗਿਰੋਹਾਂ ਨੂੰ ਵੀ ਕਾਬੂ ਕਰ ਚੁੱਕੀ ਹੈ। ਪਰ ਹਾਲੇ ਤਕ ਸ਼ਹਿਰ 'ਚ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ।