
ਕੋਟਕਪੂਰਾ, 15 ਮਾਰਚ (ਗੁਰਿੰਦਰ ਸਿੰਘ): ਨੇੜਲੇ ਪਿੰਡ ਧੂੜਕੋਟ ਦੇ ਇਕ ਕਿਸਾਨ ਨੇ ਸਿਰ 'ਤੇ ਭਾਰੀ ਕਰਜ਼ਾ ਹੋਣ ਕਾਰਨ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਖੇਤ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨੂੰ ਡਾਕਟਰਾਂ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਚਾਇਆ ਨਾ ਜਾ ਸਕਿਆ। ਜਾਣਕਾਰੀ ਅਨੁਸਾਰ ਕਿਸਾਨ ਗੁਰਦੇਵ ਸਿੰਘ (52) ਪੁੱਤਰ ਜੰਗੀਰ ਸਿੰਘ ਵਲੋਂ ਜ਼ਹਿਰੀਲੀ ਚੀਜ਼ ਨਿਗਲਣ ਬਾਰੇ ਪਤਾ ਲੱਗਾ ਤਾਂ ਤੁਰਤ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਗਿਆ ਪਰ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਬਠਿੰਡਾ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਸਥਾਨਕ ਸਦਰ ਥਾਣੇ ਦੇ ਮੁਖੀ ਮੁਖਤਿਆਰ ਸਿੰਘ ਨੇ ਦਸਿਆ ਕਿ ਮੁਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਉਕਤ ਕਿਸਾਨ ਗੁਰਦੇਵ ਸਿੰਘ ਕੋਲ 5 ਏਕੜ ਜ਼ਮੀਨ ਸੀ ਅਤੇ ਇਸ ਦੇ ਸਿਰ 'ਤੇ ਕਾਫੀ ਕਰਜ਼ਾ ਸੀ ਅਤੇ ਉਹ ਇਸ ਕਾਰਨ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦਸਿਆ ਕਿ ਮ੍ਰਿਤਕ ਕਿਸਾਨ ਅਪਣੇ ਪਿਛੇ ਇਕ 18 ਸਾਲ ਦੀ ਬੇਟੀ, 15 ਸਾਲ ਦਾ ਬੇਟਾ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ।
ਧੂਰੀ (ਲਖਵੀਰ ਧਾਂਦਰਾ) : ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਅਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਅਮਰੀਕ ਸਿੰਘ (52) ਪੁੱਤਰ ਬਿੱਕਰ ਸਿੰਘ ਵਾਸੀ ਬਾਦਸ਼ਾਹਪੁਰ ਨੇ ਅੱਜ ਸਵੇਰੇ ਕਰੀਬ 10 ਵਜੇ ਪਿੰਡ ਬਾਦਸ਼ਾਹਪੁਰ ਨੇੜੇ ਸਥਿਤ ਰੇਲਵੇ ਲਾਈਨਾਂ 'ਤੇ ਅੰਬਾਲਾ ਕੈਂਟ ਤੋਂ ਸ੍ਰੀ ਗੰਗਾਨਗਰ ਜਾਣ ਵਾਲੀ ਸਵਾਰੀ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੇ ਪਹਿਲਾਂ ਅਪਣੀ ਲੜਕੀ ਅਤੇ ਲੜਕੇ ਦੀ ਸ਼ਾਦੀ ਸਮੇਂ ਵੀ ਜ਼ਮੀਨ ਵੇਚਣੀ ਪਈ ਸੀ ਅਤੇ ਮ੍ਰਿਤਕ ਅਮਰੀਕ ਸਿੰਘ ਕੋਲ ਕਰੀਬ 26 ਵਿੱਘੇ ਜ਼ਮੀਨ ਰਹਿ ਗਈ ਸੀ ਅਤੇ ਇਸ ਦੇ ਸਿਰ ਬੈਂਕਾਂ ਅਤੇ ਆੜ੍ਹਤੀਏ ਸਮੇਤ ਲਗਭਗ 20 ਲੱਖ ਰੁਪਏ ਦਾ ਕਰਜ਼ਾ ਸੀ। ਰੇਲਵੇ ਪੁਲਿਸ ਧੂਰੀ ਵਲੋਂ ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ।