
ਅਣਪਛਾਤਿਆਂ ਨੇ ਮਾਂ ਤੇ ਧੀ ਦਾ ਬਲਾਤਕਾਰ ਕਰਨ ਬਾਅਦ ਜਿਊਂਦਾ ਸਾੜਿਆ
ਅੰਮ੍ਰਿਤਸਰ, 6 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਥਾਣਾ ਸੁਲਤਾਨਵਿੰਡ ਦੇ ਇਲਾਕੇ 'ਚ ਬੜੀ ਦਿਲ ਕੰਬਾਊ ਵਾਪਰੀ ਘਟਨਾ 'ਚ ਮਾਂ-ਧੀ ਦਾ ਬਲਾਤਕਾਰ ਕਰਨ ਬਾਅਦ ਦੋਸ਼ੀਆਂ ਨੇ ਕਤਲ ਕਰਨ ਦੀ ਕੋਸ਼ਿਸ਼ ਬਾਅਦ ਜਿਊਂਦਾ ਸਾੜ ਦੇਣ ਦਾ ਸਮਾਚਾਰ ਹੈ। ਇਹ ਮੰਦਭਾਗੀ ਘਟਨਾ ਦਰਸ਼ਨ ਐਵੀਨਿਊ, ਜੀ ਟੀ ਰੋਡ, ਅੰਮ੍ਰਿਤਸਰ ਵਿਖੇ ਵਾਪਰੀ। ਮ੍ਰਿਤਕ ਔਰਤ (45) ਸਰਕਾਰੀ ਸਕੂਲ ਵਿਖੇ ਹੈੱਡ ਕਲਰਕ ਸੀ ਅਤੇ ਉਸ ਦੀ ਬੇਟੀ (21) ਬੀ ਐਡ ਦੀ ਵਿਦਿਆਰਥਣ ਸੀ। ਉਹ ਦੋਹੇਂ ਘਰ ਵਿਚ ਇਕੱਲੀਆਂ ਰਹਿੰਦੀਆਂ ਸਨ। ਬੀਤੀ ਰਾਤ ਅਣਪਛਾਤੇ ਘਰ ਅੰਦਰ ਦਾਖ਼ਲ ਹੋਏ, ਜਿਨ੍ਹਾਂ ਨੇ ਪਹਿਲਾਂ ਮਾਂ-ਧੀ ਨੂੰ ਬੰਨ੍ਹ ਕੇ ਬਲਾਤਕਾਰ ਕੀਤਾ ਤੇ ਫਿਰ ਕਤਲ ਕਰਨ ਦੀ ਕੋਸ਼ਿਸ਼ ਕਰਨ ਬਾਅਦ ਜਿਊਂਦਾ ਸਾੜ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਲੋਕਾਂ ਨੂੰ ਉਸ ਵੇਲੇ ਲੱਗਾ ਜਦੋਂ ਘਰ ਅੰਦਰੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਬਾਹਰ ਨਿਕਲਦਾ ਵੇਖਿਆ। ਉਨ੍ਹਾਂ ਰੌਲਾ ਪਾਇਆ ਤੇ ਲੋਕ ਵੱਡੀ
ਗਿਣਤੀ ਵਿਚ ਇਕੱਠੇ ਹੋਏ ਜਿਨ੍ਹਾਂ ਪੁਲਿਸ ਨੂੰ ਸੂਚਿਤ ਕਰਦਿਆਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇਕ ਵਜੇ ਲੋਕਾਂ ਨੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ। ਇਸ ਸਮੇਂ ਤਕ ਮਾਂ ਪੂਰੀ ਤਰ੍ਹਾਂ ਸੜ ਚੁਕੀ ਸੀ, ਜਦਕਿ ਉਸ ਦੀ ਵੀ ਧੀ ਨਗਨ ਹਾਲਤ ਸੜੀ ਹੋਈ ਪਈ ਸੀ। ਦੂਸਰੇ ਪਾਸੇ ਪੁਲਿਸ ਨੂੰ ਵਾਪਰੀ ਘਟਨਾ ਦਾ ਪਤਾ ਲੱਗਣ 'ਤੇ ਉਹ ਮੌਕੇ 'ਤੇ ਪੁੱਜੀ ਅਤੇ ਕਾਰਵਾਈ ਸ਼ੁਰੂ ਕਰਦਿਆਂ ਅਣਪਛਾਤੇ ਦੋਸ਼ੀਆਂ ਵਿਰੁਧ ਪਰਚਾ ਦਰਜ ਕੀਤਾ। ਪੁਲਿਸ ਅਧਿਕਾਰੀਆਂ ਦਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਤਜਵੀਜ਼ਾਂ 'ਤੇ ਪੜਤਾਲ ਕੀਤੀ ਜਾ ਰਹੀ ਹੈ। ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਦਫ਼ਾ 302, 201, 436 ਆਈ ਪੀ ਸੀ ਤਹਿਤ ਮੁਕੱਦਮਾ ਦੋਸ਼ੀਆਂ ਵਿਰੁਧ ਦਰਜ ਕੀਤਾ ਹੈ।