
ਨਵੀਂ ਦਿੱਲੀ: ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਨਵਜੋਤ ਕੌਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਲੱਖ ਰੁਪਏ ਦੇ ਚੈੱਕ ਨਾਲ ਸਨਮਾਨਿਤ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਮੈਂਬਰਾਂ ਵੱਲੋਂ ਉਸਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਸਦੇ ਪਿਤਾ ਸ੍ਰ ਸੁਖਚੈਨ ਸਿੰਘ ਤੇ ਭੈਣਨਵਜੀਤ ਕੌਰ ਵੀ ਹਾਜ਼ਰ ਸਨ।
ਇਥੇ ਦੱਸਣਯੋਗ ਹੈ ਕਿ ਨਵਜੋਤ ਕੌਰ ਨੇ ਕਿਰਗਿਜ਼ਤਾਨ ਦੇ ਬਿਸ਼ਕੇਕ ਵਿਖੇ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਕੇ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਸੁਭਾਗ ਹਾਸਲ ਕੀਤਾ ਹੈ।ਇਸ ਮੌਕੇ ਸ੍ਰੀ ਮਨਜੀਤ ਸਿੰਘ ਜੀ. ਕੇ. ਤੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਵਜੋਤ ਕੌਰ ਨੇ ਆਪਣੀ ਪ੍ਰਾਪਤੀ ਨਾਲ ਸਿੱਖ ਕੌਮ ਦਾ ਮਾਣ ਵਧਾਇਆ ਹੈ ਤੇ ਉਹ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ।
ਉਹਨਾਂ ਕਿਹਾ ਕਿ ਨਵਜੋਤ ਕੌਰ ਨੇ ਉਸ ਖੇਤਰ ਵਿਚ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਜਿਸ ਖੇਤਰ ਨੂੰ ਹਮੇਸ਼ਾ ਪੁਰਸ਼ਾਂ ਦਾ ਖੇਤਰ ਮੰਨਿਆ ਜਾਂਦਾ ਸੀ। ਉਹਨਾ ਕਿਹਾ ਕਿ ਉਸਦੀ ਪ੍ਰਾਪਤੀ ਕੌਮ ਦੀਆਂ ਹੋਰ ਲੜਕੀਆਂ ਲਈ ਜੀਵਨ ਵਿਚ ਬੁਲੰਦੀਆਂ ਹਾਸਲ ਕਰਨ ਵਾਸਤੇ ਕੰਮ ਕਰਨ ਲਈ ਪ੍ਰੇਰਨਾ ਬਣੇਗੀ। ਦੋਹਾਂ ਆਗੂਆਂ ਨੇ ਕਿਹਾ ਕਿ ਇਹ ਸਿੱਖ ਕੌਮ ਵਾਸਤੇ ਮਾਣ ਮੱਤਾ ਸਮਾ ਹੈ ਜਦੋਂ ਇਸਦੀਆਂ ਲੜਕੀਆਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਚੰਗੀਆ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ।