
ਪੈਪਸੀਕੋ ਕੰਪਨੀ ਦੀ ਚੇਅਰਮੈਨ ਇੰਦਰਾ ਨੂਈ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਆਜ਼ਾਦ ਤੌਰ ਉੱਤੇ ਪਲੇਠੀ ਮਹਿਲਾ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਨੂਈ, ਕ੍ਰਿਕਟ ਦੀ ਖੇਡ ਨੂੰ ਕੰਟਰੋਲ ਕਰਦੀ ਇਸ ਆਲਮੀ ਸੰਸਥਾ ਦੇ ਬੋਰਡ ਦਾ ਹਿੱਸਾ ਜੂਨ ਮਹੀਨੇ ਤੋਂ ਬਣੇਗੀ। ਨੂਈ ਦੀ ਨਿਯੁਕਤੀ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਆਜ਼ਾਦ ਡਾਇਰੈਕਟਰ ਵਜੋਂ ਨੂਈ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ, ਹਾਲਾਂਕਿ ਉਨ੍ਹਾਂ ਨੂੰ ਅੱਗੋਂ ਦੋ-ਦੋ ਸਾਲ ਲਈ ਇਸ ਅਹੁਦੇ ਉੱਤੇ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ।
ਆਜ਼ਾਦ ਡਾਇਰੈਕਟਰ ਵਜੋਂ ਇਕ ਮਹਿਲਾ ਨੂੰ ਨਿਯੁਕਤ ਕੀਤੇ ਜਾਣ ਸਬੰਧੀ ਤਜਵੀਜ਼ ਉੱਤੇ ਆਈਸੀਸੀ ਦੀ ਪੂਰੀ ਕੌਂਸਲ ਨੇ ਪਿਛਲੇ ਸਾਲ ਜੂਨ ਵਿੱਚ ਮੋਹਰ ਲਾਈ ਸੀ।
ਉਧਰ ਆਈਸੀਸੀ ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਇੰਦਰਾ ਦੀ ਨਿਯੁਕਤੀ ਉੱਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਮਹਿਲਾ ਦੀ ਬੋਰਡ ਵਿੱਚ ਨਿਯੁਕਤੀ ਪ੍ਰਸ਼ਾਸਨ ਵਿੱਚ ਸੁਧਾਰ ਲਈ ਅਹਿਮ ਪੇਸ਼ਕਦਮੀ ਹੈ।